ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਸਾਬਕਾ ਪੁਲੀਸ ਮੁਖੀ ਇਜ਼ਹਾਰ ਆਲਮ ਦੀ ਪਤਨੀ ਨੂੰ ਇਸਤਰੀ ਅਕਾਲੀ ਦਲ ’ਚ ਜਨਰਲ ਸਕੱਤਰ ਬਣਾਉਣ ’ਤੇ ਇਤਰਾਜ਼ ਕੀਤਾ ਹੈ। ਉਸ ਨੇ ਇਹ ਅਹੁਦਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਕਿਰਨਜੋਤ ਕੌਰ ਨੇ ਆਪਣੇ ਫੇਸਬੁੱਕ ਖ਼ਾਤੇ ’ਤੇ ਪੋਸਟ ਕੀਤਾ ਕਿ ਜਦੋਂ ਇਜ਼ਹਾਰ ਆਲਮ ਅੰਮ੍ਰਿਤਸਰ ਦੇ ਐੱਸਐੱਸਪੀ ਸਨ ਤੇ ਉਸ ਦੀ ਕਥਿਤ ਆਲਮ ਸੈਨਾ ਨੇ ਸਿੱਖ ਨੌਜਵਾਨਾਂ ਨੂੰ ਮਾਰਨ ਦਾ ਬੀੜਾ ਚੁੱਕਿਆ ਹੋਇਆ ਸੀ ਪਰ ਉਸਦੀ ਪਤਨੀ ਨੂੰ ਹੁਣ ਇਸਤਰੀ ਅਕਾਲੀ ਦਲ ਦੀ ਜਨਰਲ ਸਕੱਤਰ ਬਣਾ ਦਿੱਤਾ ਗਿਆ ਹੈ। ਉਨ੍ਹਾਂ ਨੇ ਇਸੇ ਸੂਚੀ ’ਚ ਆਪਣਾ ਨਾਂਅ ਸ਼ਾਮਲ ਕੀਤੇ ਜਾਣ ਦਾ ਵਿਰੋਧ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਅਹੁਦੇ ਦੀ ਲੋੜ ਨਹੀਂ ਹੈ।