ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 1 ਨਵੰਬਰ
ਪਿਛਲੀ ਕਾਂਗਰਸ ਸਰਕਾਰ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਜੀਓਜੀ ਸਕੀਮ ਨੂੰ ‘ਆਪ’ ਸਰਕਾਰ ਵੱਲੋਂ ਬੰਦ ਕਰਨ ਤੋਂ ਭੜਕੇ ਸਾਬਕਾ ਸੈਨਿਕਾਂ ਨੇ ਅੱਜ ਇਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਮਦ ਮੌਕੇ ਪ੍ਰਸ਼ਾਸਨ ਤੇ ਪੁਲੀਸ ਦੇ ਨੱਕ ‘ਚ ਦਮ ਕਰੀ ਰੱਖਿਆ। ਵੱਡੀ ਗਿਣਤੀ ‘ਚ ਸਾਬਕਾ ਸੈਨਿਕ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਉਣ ਲਈ ਪਹੁੰਚ ਗਏ, ਜਿਸ ਨੂੰ ਦੇਖ ਪੁਲੀਸ ਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲੀਸ ਨੇ ਇਨ੍ਹਾਂ ਸਾਬਕਾ ਸੈਨਿਕਾਂ, ਜਿਨ੍ਹਾਂ ਪੱਗਾਂ ‘ਤੇ ਵੀ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ, ਨੂੰ ਸਿਵਲ ਹਸਪਤਾਲ ਦੇ ਗੇਟ ਦੇ ਬਾਹਰ ਹੀ ਰੋਕ ਲਿਆ। ਹਸਪਤਾਲ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੱਚਾ-ਬੱਚਾ ਹਸਪਤਾਲ ਦਾ ਉਦਘਾਟਨ ਕਰਨਾ ਸੀ। ਪੁਲੀਸ ਅਧਿਕਾਰੀਆਂ ਨੇ ਸਾਬਕਾ ਸੈਨਿਕਾਂ ਨੂੰ ਮਨਾਉਣ ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅੜੇ ਰਹੇ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਆਪਣੀਆਂ ਮੰਗਾਂ ਸੁਣਾ ਕੇ ਹੀ ਵਾਪਸ ਜਾਣਗੇ। ਰੋਸ ਪ੍ਰਗਟਾਉਂਦੇ ਸਾਬਕਾ ਸੈਨਿਕਾਂ ਨੂੰ ਪੁਲੀਸ ਅਧਿਕਾਰੀਆਂ ਨੇ 5 ਮੈਂਬਰੀ ਕਮੇਟੀ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਦੀ ਗੱਲ ਆਖੀ ਅਤੇ ਜੀਐੱਚਜੀ ਅਕੈਡਮੀ ‘ਚ ਬਣੇ ਹੈਲੀਪੈਡ ਲਈ ਲੈ ਕੇ ਨਿਕਲ ਪਏ ਪਰ ਉਥੇ ਲਿਜਾਣ ਦੀ ਥਾਂ ਪੁਲੀਸ ਲਾਈਨ ‘ਚ ਲੈ ਕੇ ਚਲੇ ਗਏ। ਦੂਜੇ ਪਾਸੇ ਮਲਕ ਚੌਕ ‘ਚ ਬੱਸ ਤੇ ਹੋਰ ਵਾਹਨਾਂ ‘ਤੇ ਆ ਰਹੇ ਕੁਝ ਸਾਬਕਾ ਸੈਨਿਕਾਂ ਨੂੰ ਪੁਲੀਸ ਨੇ ਉਥੇ ਹੀ ਰੋਕ ਲਿਆ ਅਤੇ ਮੁੱਖ ਮੰਤਰੀ ਦਾ ਸਮਾਗਮ ਖ਼ਤਮ ਹੋਣ ਤੱਕ ਅੱਗੇ ਨਹੀਂ ਵਧਣ ਦਿੱਤਾ। ਇਸ ਦੇ ਬਾਵਜੂਦ ਕਾਫੀ ਗਿਣਤੀ ‘ਚ ਸਾਬਕਾ ਸੈਨਿਕ ਸਮਾਗਮ ਵਾਲੀ ਥਾਂ ‘ਤੇ ਇਕੱਤਰ ਹੋਣ ‘ਚ ਸਫ਼ਲ ਹੋ ਗਏ ਅਤੇ ਆਪਣਾ ਰੋਸ ਪ੍ਰਗਟਾਇਆ। ਬਾਅਦ ‘ਚ ਇਨ੍ਹਾਂ ਪੁਲ ‘ਤੇ ਚੜ੍ਹ ਕੇ ਵੀ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਰੋਸ ਮਾਰਚ ‘ਚ ਨਾਅਰੇਬਾਜ਼ੀ ਕਰਦਿਆਂ ਸਰਕਾਰ ਨੂੰ ਮੰਗਾਂ ਮੰਨਣ ਦੀ ਅਪੀਲ ਕੀਤੀ। ਕਰਨਲ ਮੁਖਤਿਆਰ ਸਿੰਘ, ਕਰਮਜੀਤ ਸਿੰਘ ਸਰਾ, ਮੇਜਰ ਹਰਬੰਸ ਲਾਲ ਤੇ ਹੋਰਨਾਂ ਨੇ ਕਿਹਾ ਕਿ ‘ਆਪ’ ਸਰਕਾਰ ਜੇ ਸੱਚਮੁੱਚ ਇਮਾਨਦਾਰ ਹੈ ਤਾਂ ਜੀਓਜੀ ਸਕੀਮ ਤਹਿਤ ਦਿੱਤੀਆਂ ਭ੍ਰਿਸ਼ਟਾਚਾਰ ਦੀਆਂ ਰਿਪੋਰਟਾਂ ‘ਤੇ ਕਾਰਵਾਈ ਕਰੇ।