ਗੁਰਬਖਸ਼ਪੁਰੀ/ਬੇਅੰਤ ਸਿੰਘ ਸੰਧੂ
ਤਰਨ ਤਾਰਨ/ਪੱਟੀ, 20 ਜੁਲਾਈ
ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੇ ਸ਼ੂਟਰ ਜਗਰੂਪ ਸਿੰਘ ਰੂਪਾ ਦੇ ਪਿਤਾ ਬਲਜਿੰਦਰ ਸਿੰਘ ਨੂੰ ਆਪਣੇ ਨੌਜਵਾਨ ਪੁੱਤ ਦੀ ਮੌਤ ਦਾ ਭੋਰਾ ਭਰ ਵੀ ਦੁੱਖ ਨਹੀਂ ਹੈ। ਬਲਜਿੰਦਰ ਸਿੰਘ ਦੀਆਂ ਅੱਖਾਂ ਵਿੱਚ ਪੁੱਤ ਦੀ ਮੌਤ ’ਤੇ ਇਕ ਹੰਝੂ ਤੱਕ ਵੀ ਨਾ ਆਇਆ। ਜਗਰੂਪ ਸਿੰਘ ਦੇ ਮੁਕਾਬਲੇ ਵਿੱਚ ਮਾਰੇ ਜਾਣ ਦੀ ਖਬਰ ਤੁਰੰਤ ਪਿੰਡ ਵਾਸੀਆਂ ਤੱਕ ਪਹੁੰਚ ਗਈ ਸੀ। ਤਰਨ ਤਾਰਨ-ਪੱਟੀ ਸੜਕ ’ਤੇ ਸਥਿਤ ਪਿੰਡ ਜੌੜਾ ਦੇ ਬੱਸ ਅੱਡੇ ਤੋਂ ਬਲਜਿੰਦਰ ਸਿੰਘ ਦੇ ਘਰ ਤੱਕ ਜਾਂਦੇ ਛੇ ਕਿਲੋਮੀਟਰ ਦੇ ਰਾਹ ’ਤੇ ਮਿਲੇ ਕਰੀਬ 30 ਜਣਿਆਂ ਵਿੱਚੋਂ ਕਿਸੇ ਇੱਕ ਨੇ ਵੀ ਜਗਰੂਪ ਸਿੰਘ ਦੀ ਹੱਤਿਆ ਉੱਤੇ ਦੁੱਖ ਨਹੀਂ ਪ੍ਰਗਟਾਇਆ। ਇਸ ਪ੍ਰਤੀਨਿਧੀ ਨੇ ਅੱਜ ਪਿੰਡ ਜੌੜਾ ਜਾ ਕੇ ਜਿਉਂ ਹੀ ਉਨੱਤੀ ਸਾਲਾ ਰੂਪਾ ਦੇ ਪਿਤਾ ਬਲਜਿੰਦਰ ਸਿੰਘ (55) ਦੇ ਇਸ ਸਬੰਧੀ ਵਿਚਾਰ ਜਾਨਣੇ ਚਾਹੇ ਤਾਂ ਬਲਜਿੰਦਰ ਸਿੰਘ ਨੇ ਤਪਾਕ ਕਰਦਿਆਂ ਕਿਹਾ ਕਿ ‘ਬੁਰੇ ਕੰਮ ਦਾ ਬੁਰਾ ਨਤੀਜਾ’। ਉਹ ਆਪਣੇ ਨੌਜਾਵਨ ਪੁੱਤ ਦੀ ਲਾਸ਼ ’ਤੇ ਪਰਿਵਾਰ ਦਾ ਹੱਕ ਤੱਕ ਵੀ ਨਹੀਂ ਜਤਾਉਣਾ ਚਾਹੁੰਦਾ।
ਉਸ ਨੇ ਕਿਹਾ ਕਿ ਉਹ ਇਸ ਬਾਰੇ ਪਿੰਡ ਦੇ ਸਰਪੰਚ ਅਵਤਾਰ ਸਿੰਘ ਬਿੱਲਾ ਤੇ ਲੋਕਾਂ ਦੀ ਸਲਾਹ ਨਾਲ ਹੀ ਅਗਲੀ ਕਾਰਵਾਈ ਕਰੇਗਾ| ਬਲਜਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਨੇ ਤਾਂ ਉਸ ਨੂੰ ਕਈ ਸਾਲਾਂ ਤੋਂ ਬੇਦਖ਼ਲ ਕੀਤਾ ਹੋਇਆ ਸੀ| ਪਿੰਡ ਦੇ ਸਰਪੰਚ ਅਵਤਾਰ ਸਿੰਘ ਬਿੱਲਾ ਨੇ ਕਿਹਾ ਕਿ ਜਗਰੂਪ ਸਿੰਘ ਜਵਾਨੀ ਵਿੱਚ ਪੈਰ ਧਰਦਿਆਂ ਹੀ ਨਸ਼ਿਆਂ ਦੀ ਦਲਦਲ ਵਿੱਚ ਜਾ ਫਸਿਆ ਅਤੇ ਜਿਉਂ ਹੀ ਪਰਿਵਾਰ ਨੇ ਉਸ ਨੂੰ ਨਸ਼ੇ ਲੈਣ ਲਈ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਹ ਲੁੱਟਾਂ-ਖੋਹਾਂ, ਝਪਟਮਾਰੀ ਦੀਆਂ ਵਾਰਦਾਤਾਂ ਵੱਲ ਮੁੜ ਗਿਆ। ਉਹ ਆਸ-ਪਾਸ ਦੀਆਂ ਸੜਕਾਂ ’ਤੇ ਆਉਂਦੇ-ਜਾਂਦਿਆਂ ਨੂੰ ਲੁੱਟਿਆ ਕਰਦਾ ਸੀ| ਜਦੋਂ ਦੋ ਸਾਲ ਪਹਿਲਾਂ ਰੂਪਾ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਆਇਆ ਤਾਂ ਉਹ ਲੁੱਟਾਂ-ਖੋਹਾਂ ਤੋਂ ਅੱਗੇ ਹੋਰ ਮਾਰ-ਧਾੜਾਂ ਦੀਆਂ ਗੱਲਾਂ ਕਰਨ ਲੱਗਿਆ। ਜੇਲ੍ਹ ਵਿੱਚ ਉਸ ਦਾ ਗੈਂਗਸਟਰਾਂ ਨਾਲ ਸੰਪਰਕ ਹੋ ਗਿਆ ਸੀ, ਜਿਸ ਕਰਕੇ ਉਹ ਪਿੰਡ ਨਹੀਂ ਰਹਿੰਦਾ ਸੀ। ਪੱਟੀ ਤਹਿਸੀਲ ਦੇ ਇੱਕ ਮੰਨੇ-ਪ੍ਰਮੰਨੇ ਪਿੰਡ ਜੌੜਾ ਨਾਲ ਸਬੰਧਤ ਰੂਪਾ ਪੰਜ ਮਹੀਨੇ ਪਹਿਲਾਂ ਆਪਣੇ ਛੋਟੇ ਭਰਾ ਰਣਜੋਧ ਸਿੰਘ ਦੇ ਵਿਆਹ ’ਤੇ ਵੀ ਨਹੀਂ ਆਇਆ ਸੀ। ਪਿੰਡ ਵਾਸੀਆਂ ਨੇ ਜਿੱਥੇ ਜਗਰੂਪ ਸਿੰਘ ਦੇ ਕੰਮਾਂ ਨੂੰ ਨਿੰਦਿਆ, ਉੱਥੇ ਉਸ ਦੇ ਪਿਤਾ ਬਲਜਿੰਦਰ ਸਿੰਘ ਤੇ ਉਸ ਦੀ ਮਾਤਾ ਪਲਵਿੰਦਰ ਕੌਰ ਦੇ ਧਾਰਮਿਕ ਵਿਚਾਰਾਂ ਦੀ ਸ਼ਲਾਘਾ ਵੀ ਕੀਤੀ। ਪਰਿਵਾਰ ਕੋਲ ਕੇਵਲ ਦੋ ਏਕੜ ਜ਼ਮੀਨ ਹੈ। ਬਲਜਿੰਦਰ ਸਿੰਘ ਘਰ ਦੇ ਗੁਜ਼ਾਰੇ ਲਈ ਜਿੱਥੇ ਫੋਰ ਵ੍ਹੀਲਰ ਚਲਾਉਂਦਾ ਹੈ, ਉਥੇ ਉਸ ਨੇ ਵਧੀਆ ਨਸਲ ਦੀਆਂ ਦੋ ਗਾਵਾਂ ਵੀ ਰੱਖੀਆਂ ਹੋਈਆਂ ਹਨ।