ਸੰਜੀਵ ਹਾਂਡਾ
ਫ਼ਿਰੋਜ਼ਪੁਰ, 13 ਜੂਨ
ਗੈਂਗਸਟਰ ਜੈਪਾਲ ਭੁੱਲਰ ਦੇ ਸਸਕਾਰ ਤੋਂ ਪਹਿਲਾਂ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਜੈਪਾਲ ਦੇ ਪਿਤਾ ਭੁਪਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਜੈਪਾਲ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਹੈ ਕਿ ਪੁਲੀਸ ਮੁਕਾਬਲੇ ਤੋਂ ਪਹਿਲਾਂ ਜੈਪਾਲ ਦੀਆਂ ਬਾਹਾਂ ਅਤੇ ਪਸਲੀਆਂ ਤੋੜੀਆਂ ਗਈਆਂ ਹਨ। ਇਸ ਗੱਲ ਦਾ ਪਤਾ ਪਰਿਵਾਰ ਨੂੰ ਉਦੋਂ ਲੱਗਾ ਜਦੋਂ ਉਹ ਜੈਪਾਲ ਦੀ ਦੇਹ ਨੂੰ ਨੁਹਾਉਣ ਲੱਗੇ।
ਪਿਤਾ ਭੁਪਿੰਦਰ ਸਿੰਘ, ਜੋ ਪੰਜਾਬ ਪੁਲੀਸ ਦੇ ਸੇਵਾਮੁਕਤ ਇੰਸਪੈਕਟਰ ਹਨ, ਦਾ ਕਹਿਣਾ ਹੈ ਕਿ ਪੁਲੀਸ ਬੀਤੀ ਰਾਤ ਤੋਂ ਹੀ ਪਰਿਵਾਰ ’ਤੇ ਜੈਪਾਲ ਦਾ ਛੇਤੀ ਸਸਕਾਰ ਕਰਨ ਦਾ ਦਬਾਅ ਬਣਾ ਰਹੀ ਹੈ। ਭੁਪਿੰਦਰ ਸਿੰਘ ਨੇ ਅੱਜ ਡਿਪਟੀ ਕਮਿਸ਼ਨਰ ਤੱਕ ਪਹੁੰਚ ਕਰ ਕੇ ਜੈਪਾਲ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਜੈਪਾਲ ਦਾ ਪੋਸਟਮਾਰਟਮ ਦੁਬਾਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਜੈਪਾਲ ਦਾ ਸਸਕਾਰ ਨਹੀਂ ਕਰਨਗੇ। ਜ਼ਿਲ੍ਹਾ ਪ੍ਰਸ਼ਾਸਨ ਨੇ ਜੈਪਾਲ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਫ਼ਿਲਹਾਲ ਜੈਪਾਲ ਦਾ ਸਸਕਾਰ, ਜੋ ਅੱਜ ਕੀਤਾ ਜਾਣਾ ਸੀ, ਹੁਣ ਸੋਮਵਾਰ ਤੱਕ ਟਲ ਗਿਆ ਹੈ।
ਜੈਪਾਲ ਦੇ ਘਰ ਬਾਹਰ ਪੁਲੀਸ ਤੇ ਖੁਫੀਆ ਏਜੰਸੀਆਂ ਦਾ ਪਹਿਰਾ
ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜੈਪਾਲ ਦੇ ਪਰਿਵਾਰ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਪਰਿਵਾਰ ਆਪਣੀ ਮੰਗ ਮਨਵਾਉਣ ਲਈ ਅੜਿਆ ਹੋਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਪੋਸਟਮਾਰਟਮ ਵਾਸਤੇ ਅਦਾਲਤ ਤੱਕ ਵੀ ਪਹੁੰਚ ਕਰਨਗੇ। ਐਤਵਾਰ ਨੂੰ ਸਾਰਾ ਦਿਨ ਜੈਪਾਲ ਦੇ ਘਰ ਬਾਹਰ ਲੋਕਾਂ ਦਾ ਇਕੱਠ ਰਿਹਾ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲੀਸ ਅਧਿਕਾਰੀ ਤੇ ਖ਼ੁਫ਼ੀਆ ਏਜੰਸੀਆਂ ਦੇ ਅਧਿਕਾਰੀ ਵੀ ਮੌਜੂਦ ਰਹੇ, ਜੋ ਪਲ-ਪਲ ਦੀ ਖ਼ਬਰ ਉਚ ਅਧਿਕਾਰੀਆਂ ਤੱਕ ਪਹੁੰਚਾ ਰਹੇ ਸਨ।