ਸ਼ਗਨ ਕਟਾਰੀਆ
ਜੈਤੋ, 2 ਜੁਲਾਈ
ਅੰਦੋਲਨਕਾਰੀ ਕਿਸਾਨਾਂ ਵੱਲੋਂ ਧਰਨਾਕਾਰੀ ਅਕਾਲੀਆਂ ਦਾ ਵਿਰੋਧ ਕਰਨ ’ਤੇ ਉਨ੍ਹਾਂ ਨੂੰ ਧਰਨਾ ਵਿਚਾਲੇ ਛੱਡ ਕੇ ਖਿਸਕਣਾ ਪਿਆ। ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿਆਪੀ ਪ੍ਰੋਗਰਾਮ ਤਹਿਤ ਇਹ ਧਰਨਾ ਇਥੇ ਬਿਜਲੀ ਘਰ ’ਚ ਚੱਲ ਰਿਹਾ ਸੀ ਕਿ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਸੰਘਰਸ਼ੀ ਕਿਸਾਨ ਕਾਲ਼ੇ ਝੰਡਿਆਂ ਨਾਲ ਆਣ ਧਮਕੇ। ਇਹ ਵੇਖ ਕੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਪੁਲੀਸ ਨੇ ਕਿਸਾਨਾਂ ਨੂੰ ਬਿਜਲੀ ਘਰ ਦੇ ਗੇਟ ਕੋਲ ਰੋਕ ਲਿਆ। ਧਰਨਾਕਾਰੀ ਨਾਅਰੇ ਲਾ ਰਹੇ ਸਨ ਕਿ ‘ਮਰੀਆਂ ਜ਼ਮੀਰਾਂ ਵਾਲਿਓ, ਸ਼ਰਮ ਕਰੋ! ਸ਼ਰਮ ਕਰੋ!!’, ‘ਕਿਸਾਨੀ ਮੁੱਦਿਆਂ ’ਤੇ ਰੋਟੀਆਂ ਸੇਕਣੀਆਂ ਬੰਦ ਕਰੋ।
ਕਿਸਾਨਾਂ ਨੇ ਦੋਸ਼ ਲਾਇਆ ਕਿ ਬਿਜਲੀ ਕਟੌਤੀ ਕਾਰਨ ਅਕਾਲੀਆਂ ਨੂੰ ਕਿਸਾਨਾਂ ਨਾਲ ਕੋਈ ਹੇਜ ਨਹੀਂ ਬਲਕਿ ਇਹ ਆਪਣੀਆਂ ਸਿਆਸੀ ਰੋਟੀਆਂ ਰਾੜ੍ਹਣ ਲਈ ਡਰਾਮੇ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਜੇ ਹਮਦਰਦੀ ਹੈ ਤਾਂ ਦਿੱਲੀ ਕਿਸਾਨ ਅੰਦੋਲਨ ’ਚ ਜਾ ਕੇ ਡਟਣ ਜਾਂ ਬਿਜਲੀ ਕਮੀ ਖ਼ਿਲਾਫ਼ ਕਿਸਾਨ ਧਰਨਿਆਂ ’ਚ ਆਉਣ। ਉਨ੍ਹਾਂ ਕਿਹਾ ਕਿ ਅਕਾਲੀਆਂ ਦੀ ਕਿਸਾਨਾਂ ਨਾਲ ਹਮਦਰਦੀ ਉਦੋਂ ਪਤਾ ਲੱਗ ਗਈ ਸੀ, ਜਦੋਂ ਬਾਦਲਾਂ ਦੇ ਟੱਬਰ ਦੇ ਸਾਰੇ ਜੀਅ ਖੇਤੀ ਕਾਨੂੰਨਾਂ ਦੇ ਹੱਕ ’ਚ ਟੈਲੀਵਿਜ਼ਨਾਂ ’ਤੇ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਧਰਨੇ ’ਚ ਉਹ ਕਿਸਾਨ ਵੀ ਸ਼ਾਮਲ ਹਨ, ਜੋ ਆਪਣੇ ਅੰਦੋਲਨਕਾਰੀ ਭਰਾਵਾਂ ਨਾਲ ਦਗ਼ਾ ਕਮਾ ਕੇ ਲੁਟੇਰਿਆਂ ਦਾ ਸਾਥ ਦੇ ਰਹੇ ਹਨ। ਇਸ ਤਣਾਅ ਭਰੇ ਮਾਹੌਲ ਦਾ ਅੰਤ ਉਦੋਂ ਹੋਇਆ ਜਦੋਂ ਜੈਤੋ ਹਲਕੇ ਦੇ ਇੰਚਾਰਜ ਸੂਬਾ ਸਿੰਘ ਬਾਦਲ ਦੀ ਅਗਵਾਈ ਵਿੱਚ ਧਰਨਾ ਦੇ ਰਹੇ ਮੁਕਾਮੀ ਆਗੂ ਅਤੇ ਵਰਕਰ ਹੌਲੀ-ਹੌਲੀ ਕਰਕੇ ਧਰਨੇ ’ਚੋਂ ਖਿਸਕ ਗਏ ਅਤੇ ਕਿਸਾਨਾਂ ਨੇ ਧਰਨੇ ਲਈ ਸਜੇ ਪੰਡਾਲ ’ਤੇ ਕਬਜ਼ਾ ਕਰਕੇ ਉਥੇ ਬੈਠ ਗਏ।