ਇਕਬਾਲ ਸਿੰਘ ਸ਼ਾਂਤ
ਲੰਬੀ, 2 ਜੂਨ
ਢਿੱਲੀ ਰਫ਼ਤਾਰ ਵਾਲੀ ਪੁਲੀਸ ਪੜਤਾਲ ਵਿੱਚ ਘਿਰੇ ਪਿੰਡ ਬਾਦਲ ਦੇ ਗੈਰਕਾਨੂੰਨੀ ਸ਼ਰਾਬ ਜਖੀਰਾ ਮਾਮਲੇ ’ਤੇ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵਿਰੋਧੀ ਧਿਰਾਂ ਨੂੰ ਘੇਰਨ ਦੀ ਕੋਸ਼ਿਸ਼ ’ਚ ਕੈਪਟਨ ਸਰਕਾਰ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਜਾਖੜ ਦੀ ਵਾਰਤਾ ਮੁਤਾਬਕ ਅਕਾਲੀ ਦਲ, ‘ਆਪ’ ਅਤੇ ਭਾਜਪਾ ਨੇ ਇਸ ਮੁੱਦੇ ’ਤੇ ਪਿੰਡ ਬਾਦਲ ’ਚ ਧਰਨਾ ਨਹੀਂ ਲਗਾਇਆ ਅਤੇ ਨਾ ਹੀ ਕੋਈ ਗਵਰਨਰ ਹਾਊਸ ਗਿਆ। ਜਿਹੜੇ ਲੋਕ ਸੀਬੀਆਈ ਦੀਆਂ ਪੜਤਾਲਾਂ ਮੰਗਦੇ ਸਨ, ਉਹ ਚੁੱਪ ਕਿਉਂ ਹਨ। ਇਸ ਬਿਆਨ ਤੋਂ ਜਾਖੜ ਦਾ ਨਿਸ਼ਾਨਾ ਅਸਿੱਧੇ ਤੌਰ ’ਤੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਲੱਗਿਆ ਜਾਪਦਾ ਹੈ।
ਆਮ ਲੋਕਾਂ ’ਚ ਚਰਚਾ ਹੈ ਕਿ ਮੁੱਖ ਮੰਤਰੀ ਦੇ ਆਬਕਾਰੀ ਵਿਭਾਗ ਦੀ ਲਾਪ੍ਰਵਾਹੀ ਕਾਰਨ ਵੱਖ-ਵੱਖ ਸੂਬਿਆਂ ਦੀ ਜਾਅਲੀ ਸ਼ਰਾਬ ਦਾ ਸਾਮਾਨ ਇੱਥੇ ਪੁੱਜਣ ਦੇ ਹਾਲਾਤ ਪੈਦਾ ਹੋਏ। ਹੁਣ ਮੁੱਖ ਮੰਤਰੀ ਦੇ ਗ੍ਰਹਿ ਵਿਭਾਗ ਦੀ ਪੁਲੀਸ ਪਿਛਲੇ 12 ਦਿਨਾਂ ’ਚ ਮਾਲ ਵਿਭਾਗ ਤੋਂ ਬਾਗ ਦੀ ਮਾਲਕੀ ਬਾਰੇ ਫ਼ਰਦ ਤੱਕ ਹਾਸਲ ਨਹੀਂ ਕਰ ਸਕੀ। ਸਿਆਸੀ ਪਿੰਡ ਬਾਦਲ ਨਾਲ ਜੁੜੇ ਮਾਮਲੇ ਦੀ ਹਕੀਕਤ ਕੱਢਣ ਖਾਤਰ ਮੁੱਖ ਕੜੀ ਰਾਜਾ ਚੰਡੀਗੜ੍ਹ ਹੁਣ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਏਈਟੀਸੀ (ਆਬਕਾਰੀ) ਵੀ ਪੁਲੀਸ ਪੜਤਾਲ ਦੀ ਢਿੱਲੀ ਕਾਰਗੁਜ਼ਾਰੀ ’ਤੇ ਰੋਸ ਜਤਾ ਚੁੱਕੇ ਹਨ। ਲੋਕਾਂ ਦਾ ਕਹਿਣਾ ਹੈ ਕਿ ਵਿਭਾਗੀ ਪੜਤਾਲ ’ਚ ਲਗਾਤਾਰ ਚਾਰ ਦਿਨ ਬਾਟਲਿੰਗ ਪਲਾਂਟ ਦੇ ਕੈਮਰੇ ਬੰਦ ਰਹਿਣ ਦਾ ਖੁਲਾਸਾ ਹੋਇਆ ਹੈ, ਜਿਸ ਬਾਰੇ ਸੂਬਾ ਸਰਕਾਰ ਵੱਲੋਂ ਅੱਜ ਤੱਕ ਕੋਈ ਬਿਆਨ ਨਹੀਂ ਆਇਆ। ਕਾਰਵਾਈ ਦੀਆਂ ਗੁੰਝਲਾਂ ਉਲਝਾਉਣ ਲਈ ਇੱਕ ਆਬਕਾਰੀ ਇੰਸਪੈਕਟਰ ਮੁਅੱਤਲ ਕਰ ਦਿੱਤਾ ਗਿਆ। ਇਸ ਵੱਡੇ ਮਸਲੇ ’ਤੇ ਪੁਲੀਸ ਦੀ ਢਿੱਲੀ ਕਾਰਵਾਈ ਕਾਰਨ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਦੋ ਦਿਨਾਂ ’ਚ ਮਿਲ ਜਾਵੇਗੀ ਫਰਦ: ਡੀਐੱਸਪੀ
ਪੜਤਾਲੀਆ ਅਫ਼ਸਰ ਡੀਐੱਸਪੀ (ਡੀ) ਜਸਮੀਤ ਸਿੰਘ ਨੇ ਕਿਹਾ ਕਿ ਪੜਤਾਲ ਚੱਲ ਰਹੀ ਹੈ। ਤਹਿਸੀਲਾਂ ’ਚ ਸਟਾਫ਼ ਦੀ ਹੜਤਾਲ ਕਾਰਨ ਬਾਗ ਦੀ ਮਾਲਕੀ ਬਾਰੇ ਫਰਦ ਮਿਲਣ ’ਚ ਦੇਰੀ ਹੋਈ। ਹੁਣ ਦੋ ਦਿਨ ’ਚ ਫਰਦ ਮਿਲ ਜਾਵੇਗੀ। ਉੁਨ੍ਹਾਂ ਕਿਹਾ ਕਿ ਜਾਅਲੀ ਸ਼ਰਾਬ ਦੇ ਲੇਬਲਾਂ, ਡੱਬਿਆਂ ਅਤੇ ਢੱਕਣਾਂ ਆਦਿ ਦੀ ਪੜਤਾਲ ਚੱਲ ਰਹੀ ਹੈ। ਰਾਜਾ ਚੰਡੀਗੜ੍ਹ ਦੀ ਸ਼ਨਾਖ਼ਤ ਕਰ ਕੇ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।