ਪਰਮਜੀਤ ਸਿੰਘ
ਫਾਜਲਿਕਾ, 19 ਸਤੰਬਰ
ਫਾਜ਼ਿਲਕਾ ਦੇ ਵਿਧਾਨ ਸਭਾ ਹਲਕਾ ਜਲਾਲਾਬਾਦ ਵਿੱਚ ਮੋਟਰਸਾਈਕਲ ਧਮਾਕੇ ਦੇ 3 ਦਿਨਾਂ ਦੇ ਅੰਦਰ ਫਾਜ਼ਿਲਕਾ ਪੁਲੀਸ ਨੇ ਪਰਵੀਨ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪਰਵੀਨ ਕੁਮਾਰ ਨੇ ਖੁਲਾਸਾ ਕੀਤਾ ਹੈ ਕਿ ਧਮਾਕਾਖੇਜ਼ ਸਮੱਗਰੀ ਨਾਲ ਲੈਸ ਮੋਟਰਸਾਈਕਲ ਜਲਾਲਾਬਾਦ ਸ਼ਹਿਰ ਦੇ ਭੀੜ-ਭੜੱਕੇ ਵਾਲੇ ਖੇਤਰ ਵਿੱਚ ਰੱਖਿਆ ਜਾਣਾ ਸੀ। ਬਲਵਿੰਦਰ ਸਿੰਘ ਉਰਫ ਬਿੰਦੂ, ਜੋ ਅਪਰਾਧਕ ਪਿਛੋਕੜ ਵਾਲਾ ਸੀ, ਦੀ 15 ਸਤੰਬਰ ਨੂੰ ਰਾਤ 8 ਵਜੇ ਦੇ ਕਰੀਬ ਜਲਾਲਾਬਾਦ ਸ਼ਹਿਰ ਵਿੱਚ ਮੋਟਰਸਾਈਕਲ ਧਮਾਕੇ ਵਿੱਚ ਮੌਤ ਹੋ ਗਈ ਸੀ। ਪਰਵੀਨ ਕੁਮਾਰ ਵਲੋਂ ਕੀਤੇ ਖੁਲਾਸੇ ਮੁਤਾਬਕ ਪੁਲੀਸ ਨੇ ਉਸ ਦੇ ਜੱਦੀ ਪਿੰਡ ਮੋਹਰ ਸਿੰਘ ਵਾਲਾ ਉਰਫ ਧਰਮੂਪੁਰਾ, ਜੋ ਭਾਰਤ-ਪਾਕਿ ਸਰਹੱਦ ਤੋਂ ਕਰੀਬ 3 ਕਿਲੋਮੀਟਰ ਦੂਰੀ ’ਤੇ ਹੈ, ਦੇ ਖੇਤਾਂ ਵਿੱਚ ਛੁਪਾ ਕੇ ਰੱਖਿਆ ਟਿਫਨ ਬੰਬ ਬਰਾਮਦ ਕੀਤਾ ਹੈ। ਆਈਜੀਪੀ ਫਿਰੋਜ਼ਪੁਰ ਰੇਂਜ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਭੀੜ ਵਾਲੇ ਖੇਤਰ ਵਿੱਚ ਮੋਟਰਸਾਈਕਲ ਨੂੰ ਉਡਾਉਣ ਦੀ ਸਾਜਿਸ਼ ਰਚਣ ਵਿੱਚ ਪਰਵੀਨ ਕੁਮਾਰ ਦੀ ਸ਼ਮੂਲੀਅਤ ਦਾ ਪਤਾ ਲੱਗਣ ’ਤੇ ਫਾਜ਼ਿਲਕਾ ਪੁਲੀਸ ਨੇ ਤੁਰੰਤ ਸੁਰਾਗਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਪਰਵੀਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪਰਵੀਨ ਨੇ ਇਹ ਵੀ ਕਬੂਲ ਕਰ ਲਿਆ ਹੈ ਕਿ ਸਾਜ਼ਿਸ਼ ’ਚ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਚੰਦੀ ਵਾਲਾ ਦੇ ਸੁਖਵਿੰਦਰ ਸਿੰਘ ਉਰਫ ਸੁੱਖਾ ਦੇ ਘਰ 14 ਸਤੰਬਰ ਨੂੰ ਰਚੀ ਗਈ ਸੀ। ਮਮਦੋਟ ਦੇ ਪਿੰਡ ਲਖਮੀਰ ਕੇ ਹਿੱਥੜ ਦਾ ਗੁਰਪ੍ਰੀਤ ਸਿੰਘ ਵੀ ਇਸ ਸਾਜ਼ਿਸ਼ ਸ਼ਾਮਲ ਹੈ।
ਜ਼ਿਲ੍ਹਾ ਪੁਲੀਸ ਮੁਖੀ ਦੀਪਕ ਹਿਲੌਰੀ ਨੇ ਦੱਸਿਆ ਕਿ ਪਰਵੀਨ ਦੇ ਖੁਲਾਸੇ ’ਤੇ ਪੁਲੀਸ ਨੇ ਚਾਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਸੁਖਵਿੰਦਰ ਅਤੇ ਗੁਰਪ੍ਰੀਤ ਨੂੰ ਗਿ੍ਫਤਾਰ ਕਰਨ ਦੇ ਯਤਨ ਜਾਰੀ ਹਨ।