ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਅਗਸਤ
ਇਤਿਹਾਸਕ ਜੱਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਦਾ ਲਗਪਗ ਇੱਕ ਵਰ੍ਹਾ ਮੁਕੰਮਲ ਹੁੰਦਿਆਂ ਹੀ ਇੱਥੇ ਸ਼ਹੀਦੀ ਸਮਾਰਕ ਵੱਲ ਜਾਂਦੇ ਰਾਹ ਦੇ ਦੋਵੇਂ ਪਾਸੇ ਲਗਾਈ ਗਈ ਲੱਕੜ ਦੀ ਰੇਲਿੰਗ ਟੁੱਟਣੀ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਸਾਲ ਪਹਿਲਾਂ ਜੱਲ੍ਹਿਆਂਵਾਲਾ ਬਾਗ਼ ਦੇ ਨਵੀਨੀਕਰਨ ਦਾ ਆਨਲਾਈਨ ਉਦਘਾਟਨ ਕੀਤਾ ਸੀ। ਪੁਰਾਤਨ ਦਿੱਖ ਦੇਣ ਦੇ ਮੰਤਵ ਨਾਲ ਸਮਾਰਕ ਵੱਲ ਜਾਂਦੇ ਰਾਹ ਦੇ ਦੋਵੇਂ ਪਾਸੇ ਸਟੀਲ ਦੀ ਰੇਲਿੰਗ ਹਟਾ ਕੇ ਲੱਕੜ ਦੀ ਨਵੀਂ ਰੇਲਿੰਗ ਲਗਾਈ ਗਈ ਸੀ। ਹੁਣ ਇਹ ਲੱਕੜ ਦੀ ਰੇਲਿੰਗ ਕਈ ਥਾਵਾਂ ਤੋਂ ਟੁੱਟ ਗਈ ਹੈ।
ਮੀਂਹ ਤੇ ਧੁੱਪ ਕਾਰਨ ਕਈ ਥਾਈਂ ਲੱਕੜ ਨੂੰ ਸਿਉਂਕ ਲੱਗ ਗਈ ਹੈ। ਪ੍ਰਬੰਧਕਾਂ ਨੇ ਰੇਲਿੰਗ ਦੀ ਮੁਰੰਮਤ ਲਈ ਕਾਰੀਗਰਾਂ ਨੂੰ ਸੱਦਿਆ ਪਰ ਕਾਰੀਗਰਾਂ ਨੇ ਦੱਸਿਆ ਕਿ ਲੱਕੜ ਦੀ ਰੇਲਿੰਗ ਲੰਬਾ ਸਮਾਂ ਨਹੀਂ ਚੱਲੇਗੀ। ਇਸ ਤੋਂ ਪਹਿਲਾਂ ਇੱਥੇ ਲੱਗੀ ਸਟੀਲ ਦੀ ਰੇਲਿੰਗ ਹਰ ਤਰ੍ਹਾਂ ਦੇ ਮੌਸਮ ਵਿੱਚ ਲੰਮੇ ਸਮੇਂ ਤੱਕ ਚੱਲਣ ਵਾਲੀ ਸੀ।
ਉਨ੍ਹਾਂ ਕਿਹਾ ਕਿ ਸਮਾਰਕ ਦੇਖਣ ਆਉਂਦੇ ਯਾਤਰੂ ਇੱਥੇ ਰੇਲਿੰਗ ਦਾ ਆਸਰਾ ਲੈ ਕੇ ਫੋਟੋਆਂ ਖਿਚਵਾਉਂਦੇ ਹਨ, ਜਿਸ ਕਾਰਨ ਰੇਲਿੰਗ ਢਿੱਲੀ ਹੋ ਜਾਂਦੀ ਹੈ ਅਤੇ ਇਸ ਦੇ ਡਿੱਗਣ ਦਾ ਖਤਰਾ ਬਣਿਆ ਰਹਿੰਦਾ ਹੈ।
ਇਸੇ ਤਰ੍ਹਾਂ ਅੰਗਰੇਜ਼ੀ ਹੁਕਮਰਾਨ ਜਨਰਲ ਡਾਇਰ ਵੱਲੋਂ ਗੋਲੀ ਚਲਾਉਣ ਦੇ ਹੁਕਮ ਦੇਣ ਵਾਲੀ ਥਾਂ ਦੁਆਲੇ ਸਟੀਲ ਦੀ ਰੇਲਿੰਗ ਲਗਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇੱਥੇ ਬੁਰਜੀ ਬਣੀ ਹੁੰਦੀ ਸੀ, ਜੋ ਇਸ ਸਥਾਨ ਬਾਰੇ ਸੰਕੇਤ ਕਰਦੀ ਸੀ ਪਰ ਨਵੀਨੀਕਰਨ ਦੌਰਾਨ ਇਸ ਬੁਰਜੀ ਨੂੰ ਹਟਾ ਦਿੱਤਾ ਗਿਆ ਸੀ। ਸ਼ਹੀਦੀ ਖੂਹ ਦੇ ਇਤਿਹਾਸ ਬਾਰੇ ਦੱਸਣ ਵਾਲੀ ਜਗ੍ਹਾ ਨੇੜੇ ਵੀ ਸਟੀਲ ਦੀ ਰੇਲਿੰਗ ਲਾ ਦਿੱਤੀ ਗਈ ਹੈ। ਸ਼ਹੀਦੀ ਖੂਹ ਦੇ ਆਲੇ-ਦੁਆਲੇ ਲੱਗੇ ਸ਼ੀਸ਼ੇ ਦਾ ਉਹ ਹਿੱਸਾ, ਜਿੱਥੋਂ ਯਾਤਰੂ ਪੈਸੇ ਅੰਦਰ ਸੁੱਟਦੇ ਸਨ, ਨੂੰ ਲੱਕੜ ਨਾਲ ਬੰਦ ਕਰ ਦਿੱਤਾ ਗਿਆ ਹੈ।
ਇੱਥੇ ਦੱਸਣਯੋਗ ਹੈ ਕਿ ਜੱਲ੍ਹਿਆਂਵਾਲਾ ਬਾਗ ਦੀ ਸ਼ਤਾਬਦੀ ਮੌਕੇ ਕੇਂਦਰ ਸਰਕਾਰ ਵੱਲੋਂ ਇਸ ਦੇ ਨਵੀਨੀਕਰਨ ਲਈ ਲਗਪਗ 19.83 ਕਰੋੜ ਰੁਪਏ ਖਰਚ ਕੀਤੇ ਗਏ ਸਨ। ਇਸ ਇਤਿਹਾਸਕ ਸਮਾਰਕ ਦੇ ਪ੍ਰਵੇਸ਼ ਦੁਆਰ ’ਤੇ ਕੀਤੇ ਗਏ ਬਦਲਾਅ ਦਾ ਵਿਰੋਧ ਹੋ ਰਿਹਾ ਹੈ।
ਮਸਲਾ ਕੇਂਦਰ ਦੇ ਧਿਆਨ ’ਚ ਲਿਆਵਾਂਗੇ: ਤਰਲੋਚਨ ਸਿੰਘ
ਸਾਬਕਾ ਰਾਜ ਸਭਾ ਮੈਂਬਰ ਅਤੇ ਇਤਿਹਾਸਕ ਸਮਾਰਕ ਸਬੰਧੀ ਟਰੱਸਟ ਦੇ ਮੈਂਬਰ ਤਰਲੋਚਨ ਸਿੰਘ ਨੇ ਦੱਸਿਆ ਕਿ ਉਹ ਜਲਦੀ ਹੀ ਇਸ ਸਬੰਧੀ ਕੇਂਦਰੀ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਜੀ ਕਿਸ਼ਨ ਰੈੱਡੀ ਨਾਲ ਮੀਟਿੰਗ ਕਰਕੇ ਤਰੁੱਟੀਆਂ ਉਨ੍ਹਾਂ ਦੇ ਧਿਆਨ ਵਿੱਚ ਲਿਆਉਣਗੇ। ਉਨ੍ਹਾਂ ਕਿਹਾ ਕਿ ਉਹ ਇਤਿਹਾਸਕ ਸਮਾਰਕ ਦਾ ਦੌਰਾ ਕਰਨ ਲਈ ਇੱਕ ਕਮੇਟੀ ਭੇਜਣ ਦਾ ਸੁਝਾਅ ਵੀ ਦੇਣਗੇ ਤਾਂ ਜੋ ਤੁਰੱਟੀਆਂ ਦੂਰ ਕੀਤੀਆਂ ਜਾ ਸਕਣ।