ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 7 ਜੁਲਾਈ
ਜੱਲ੍ਹਿਆਂਵਾਲਾ ਬਾਗ਼ ਵਿਚ ਚੱਲ ਰਿਹਾ ਉਸਾਰੀ ਕਾਰਜ ਅੰਤਿਮ ਪੜਾਅ ’ਤੇ ਹੈ ਤੇ ਇਸ ਨੂੰ 31 ਜੁਲਾਈ ਤਕ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। 15 ਅਗਸਤ ਨੂੰ ਜੱਲ੍ਹਿਆਂਵਾਲਾ ਬਾਗ਼ ਲੋਕਾਂ ਵਾਸਤੇ ਖੋਲ੍ਹੇ ਜਾਣ ਦੀ ਉਮੀਦ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਕੇਂਦਰੀ ਸੱਭਿਆਚਾਕ ਮਾਮਲੇ ਵਿਭਾਗ ਅਤੇ ਭਾਰਤੀ ਪੁਰਾਤੱਤਵ ਵਿਭਾਗ ਦੀ ਇਕ ਟੀਮ 13 ਜੁਲਾਈ ਨੂੰ ਸਥਿਤੀ ਦੀ ਸਮੀਖਿਆ ਕਰਨ ਲਈ ਆ ਰਹੀ ਹੈ ਅਤੇ ਸਮੀਖਿਆ ਮਗਰੋਂ ਹੀ ਇਸ ਬਾਰੇ ਅਗਲਾ ਫ਼ੈਸਲਾ ਲਿਆ ਜਾਵੇਗਾ। ਇਹ ਇਤਿਹਾਸਕ ਅਸਥਾਨ 15 ਫਰਵਰੀ ਨੂੰ ਲੋਕਾਂ ਵਾਸਤੇ ਬੰਦ ਕਰ ਦਿੱਤਾ ਗਿਆ ਸੀ ਅਤੇ ਇਸ ਨੂੰ 12 ਅਪਰੈਲ ਨੂੰ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ ਪਰ ਕਰੋਨਾ ਮਹਾਮਾਰੀ ਕਾਰਨ ਇਸ ਦਾ ਉਸਾਰੀ ਕਾਰਜ ਪ੍ਰਭਾਵਿਤ ਹੋਇਆ। ਕੰਮ ਪੂਰੀ ਗਤੀ ਨਾਲ ਨਹੀਂ ਹੋ ਸਕਿਆ, ਜਿਸ ਕਾਰਨ ਜੱਲ੍ਹਿਆਂਵਾਲਾ ਬਾਗ਼ ਨੂੰ ਖੋਲ੍ਹਣ ਦੀ ਤਰੀਕ ਅਗਾਂਹ ਪਾ ਦਿੱਤੀ ਗਈ। ਇਸ ਨੂੰ ਖੋਲ੍ਹਣ ਦੀ ਅਗਲੀ ਮਿਤੀ 15 ਜੂਨ ਰੱਖੀ ਗਈ ਸੀ ਪਰ ਊਦੋਂ ਵੀ ਕੰਮ ਮੁਕੰਮਲ ਨਾ ਹੋਣ ਕਾਰਨ ਹੁਣ ਕੰਮ ਮੁਕੰਮਲ ਕਰਨ ਦੀ ਮਿਤੀ 31 ਜੁਲਾਈ ਨਿਰਧਾਰਤ ਕੀਤੀ ਗਈ ਹੈ।
ਜੱਲ੍ਹਿਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਮੈਂਬਰ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਦੱਸਿਆ ਕਿ ਉਨ੍ਹਾਂ ਨੇ ਟਰੱਸਟ ਕੋਲ ਇਹ ਸੁਝਾਅ ਰੱਖਿਆ ਕਿ ਇਸ ਇਤਿਹਾਸਕ ਯਾਦਗਾਰ ਨੂੰ ਹੁਣ ਲੋਕਾਂ ਵਾਸਤੇ ਰੋਜ਼ ਰਾਤ 9 ਵਜੇ ਤਕ ਖੋਲ੍ਹਿਆ ਜਾਵੇ, ਜਿਸ ਦਾ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ। ਲਗਪਗ 19 ਕਰੋੜ ਰੁਪਏ ਦੀ ਕੇਂਦਰੀ ਯੋਜਨਾ ਨਾਲ ਇੱਥੇ ਯਾਤਰੂਆਂ ਵਾਸਤੇ ਵਧੇਰੇ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਕੰਮ ਭਾਰਤੀ ਪੁਰਾਤੱਤਵ ਵਿਭਾਗ ਦੀ ਨਿਗਰਾਨੀ ਹੇਠ ਕੀਤਾ ਗਿਆ। ਸ਼ਵੇਤ ਮਲਿਕ ਨੇ ਦੱਸਿਆ ਕਿ ਹੁਣ ਬਾਗ਼ ’ਚ ਆਉਣ-ਜਾਣ ਵਾਸਤੇ ਦੋ ਵੱਖ-ਵੱਖ ਰਸਤੇ ਬਣਾਏ ਗਏ ਹਨ। ਆਧੁਨਿਕ ਲਾਈਟਾਂ ਸਥਾਪਤ ਕੀਤੀਆਂ ਗਈਆਂ ਹਨ। ਨਵੀ ਲੈਂਡ ਸਕੇਪਿੰਗ ਕੀਤੀ ਗਈ ਹੈ ਤੇ ਯਾਦਗਾਰ ਨੇੜੇ ਚਿੱਟੇ ਲਿਲੀ ਫੁੱਲ ਵਰਗਾ ਤਲਾਬ ਬਣਾਇਆ ਗਿਆ ਹੈ।