ਮਨੋਜ ਸ਼ਰਮਾ
ਬਠਿੰਡਾ, 14 ਜੂਨ
ਪਟਿਆਲਾ ਵਿੱਚ ਕੰਡਕਟਰ ਨਾਲ ਹੋਈ ਧੱਕੇਸ਼ਾਹੀ ਦੇ ਰੋਸ ਵਜੋਂ ਅੱਜ ਬਠਿੰਡਾ ਡਿੱਪੂ ਵਿਚ ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਨੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ। ਧਰਨੇ ਦੀ ਅਗਵਾਈ ਕਰ ਰਹੇ ਯੂਨੀਅਨ ਦੇ ਚੇਅਰਮੈਨ ਸਰਬਜੀਤ ਸਿੰਘ ਪ੍ਰਧਾਨ ਸੰਦੀਪ ਸਿੰਘ ਨੇ ਦੱਸਿਆ ਕਿ ਬਠਿੰਡਾ ਡਿੱਪੂ ਦਾ ਕੰਡਕਟਰ ਰਵਿੰਦਰ ਸਿੰਘ (ਕੇਐੱਮਡੀਟੀ 287) ਜਦੋਂ ਟ੍ਰੇਨਿੰਗ ਸਕੂਲ ਲਈ ਪਟਿਆਲਾ ਹੈੱਡ ਆਫਿਸ ਪੁੱਜਾ ਤਾਂ ਸਕੂਲ ਬੰਦ ਸੀ। ਉਹ ਵਾਪਸ ਆਉਣ ਲਈ ਪਟਿਆਲਾ ਬੱਸ ਅੱਡੇ ਤੋਂ ਪੀਆਰਟੀਸੀ ਦੀ ਬੱਸ ਵਿੱਚ ਚੜ੍ਹ ਗਿਆ। ਇਸ ਦੌਰਾਨ ਜਾਂਚ ਟੀਮ ਵੀ ਅਚਨਚੇਤ ਬੱਸ ’ਚ ਚੜ੍ਹ ਗਈ। ਜਾਂਚ ਟੀਮ ਦੇ ਇੰਸਪੈਕਟਰ ਹਰਦਮ ਸਿੰਘ ਨੇ ਕੰਡਕਟਰ ਦੇ ਆਈ ਕਾਰਡ ਦੀ ਲੰਘੀ ਡੇਟ ਦੇਖ ਕੇ ਰਿਪੋਰਟ ਬਣਾ ਦਿੱਤੀ।
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਰਵਿੰਦਰ ਸਿੰਘ ਨਾਲ ਧੱਕੇਸ਼ਾਹੀ ਕੀਤੀ ਗਈ ਅਤੇ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਬੇਇੱਜ਼ਤ ਕੀਤਾ ਗਿਆ। ਉਨ੍ਹਾਂ ਜਾਂਚ ਅਧਿਕਾਰੀ ਦੀ ਮੁਅੱਤਲੀ ਦੀ ਮੰਗ ਕਰਦਿਆਂ ਕਰੀਬ ਡੇਢ ਘੰਟੇ ਚੱਕਾ ਜਾਮ ਜਾਰੀ ਰੱਖਿਆ। ਇਸ ਦੌਰਾਨ ਬਠਿੰਡਾ ਬੱਸ ਅੱਡੇ ’ਤੇ ਸਵਾਰੀਆਂ ਖੱਜਲ-ਖੁਆਰ ਹੁੰਦੀਆਂ ਰਹੀਆਂ ਅਤੇ ਬਾਹਰਲੀ ਸੜਕ ’ਤੇ ਪੀਆਰਟੀਸੀ ਦੀਆਂ ਬੱਸਾਂ ਰੋਕੇ ਜਾਣ ’ਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਨਿੱਜੀ ਟਰਾਂਸਪੋਰਟਰਾਂ ਦੀਆਂ ਬੱਸਾਂ ਅੱਡੇ ਤੋਂ ਬਾਹਰ ਦੀ ਬਾਹਰ ਸਵਾਰੀਆਂ ਉਤਾਰ-ਚੜ੍ਹਾਅ ਕੇ ਆਪਣੇ ਰੂਟਾਂ ’ਤੇ ਆਉਂਦੀਆਂ-ਜਾਂਦੀਆਂ ਰਹੀਆਂ।