ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 25 ਦਸੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ਰੇਲ ਰੋਕੋ ਅੰਦੋਲਨ ਜੰਡਿਆਲਾ ਗੁਰੂ ਵਿਖੇ ਅੱਜ 93ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਅੱਜ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਸੈਂਕੜੇ ਟਰੈਕਟਰ ਟਰਾਲੀਆਂ ਦਾ ਤੀਸਰਾ ਜਥਾ ਦਿੱਲੀ ਅੰਦੋਲਨ ਵਾਸਤੇ ਰਵਾਨਾ ਕੀਤਾ ਗਿਆ। ਕਿਸਾਨ ਆਗੂਆਂ ਨੇ ਦੱਸਿਆ ਅੱਜ ਗੁਰਬਚਨ ਸਿੰਘ ਚੱਬਾ, ਜਰਮਨਜੀਤ ਸਿੰਘ ਬੰਡਾਲਾ ਦੀ ਅਗਵਾਈ ਵਿੱਚ ਸੈਂਕੜੇ ਟਰੈਕਰ ਟਰਾਲੀਆਂ ਦਾ ਜੱਥਾ ਗੋਲਡਨ ਗੇਟ ਅੰਮਿ੍ਤਸਰ ਤੋਂ ਦਿੱਲੀ ਮੋਰਚੇ ਲਈ ਰਵਾਨਾ ਕੀਤਾ ਗਿਆ, ਰਸਤੇ ਵਿੱਚ ਜ਼ਿਲ੍ਹਾ ਗੁਰਦਾਸਪੁਰ, ਹੁਸ਼ਿਆਰਪੁਰ ਤੇ ਸ੍ਰੀ ਹਰਗੋਬਿੰਦਪੁਰ ਦੇ ਜਥੇ ਸਵਿੰਦਰ ਸਿੰਘ ਚੁਤਾਲਾ ਦੀ ਅਗਵਾਈ ਵਿੱਚ ਇਸ ਕਾਫਲੇ ਵਿੱਚ ਸ਼ਾਮਲ ਹੋਏ। ਆਗੂ ਗੁਰਦੇਵ ਸਿੰਘ ਵਰਪਾਲ, ਮੰਗਜੀਤ ਸਿੰਘ ਸਿੱਧਵਾਂ ਨੇ ਕਿਹਾ ਮੋਦੀ ਸਰਕਾਰ ਖਿਲਾਫ ਪਿੰਡਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ। ਜੰਡਿਆਲਾ ਗੁਰੂ ਵਿਖੇ ਰੇਲ ਰੋਕੋ ਅੰਦੋਲਨ ਨੂੰ ਲਖਵਿੰਦਰ ਸਿੰਘ ਵਰਿਆਮ ਨੇ ਸੰਬੋਧਨ ਕੀਤਾ। ਅੱਜ ਜ਼ੋਨ ਪ੍ਰਧਾਨ ਮਿਹਰ ਸਿੰਘ ਤਲਵੰਡੀ, ਦਿਲਬਾਗ ਸਿੰਘ ਸਭਰਾ ਦੀ ਅਗਵਾਈ ਵਿੱਚ ਕਿਸਾਨਾਂ ਦਾ ਕਾਫਲਾ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਜੰਡਿਆਲਾ ਗੁਰੂ ਰੇਲਵੇ ਟਰੈਕ ਪਾਰਕ ਵਿੱਚ ਚੱਲ ਰਹੇ ਧਰਨੇ ਵਿੱਚ ਸ਼ਾਮਲ ਹੋਇਆ। ਦਿੱਲੀ ਦੇ ਕੁੰਡਲੀ ਬਾਰਡਰ ਵਿਖੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਇੰਦਰਜੀਤ ਸਿੰਘ ਕੱਲੀਵਾਲਾ, ਰਣਜੀਤ ਸਿੰਘ ਕਲੇਰਬਾਲਾ, ਦਿਆਲ ਸਿੰਘ ਗਿਆਸਪੁਰਾ ਮੀਆਂਵਿੰਡ ਦੀ ਅਗਵਾਈ ਵਿੱੱਚ ਧਰਨਾ ਨਿਰੰਤਰ ਚੱਲ ਰਿਹਾ ਹੈ।ਇਸ ਮੌਕੇ ਸੁਖਚੈਨ ਸਿੰਘ ਮੰਡ, ਬੋਹੜ ਸਿੰਘ ਤਲਵੰਡੀ, ਗੁਲਜ਼ਾਰ ਮਾਣੇਕੇ, ਗੁਰਮੇਲ ਸਿੰਘ, ਕਿਰਪਾਲ ਸਿੰਘ ਬੁਰਜ, ਚੰਨਣ ਸਿੰਘ, ਬਲਦੇਵ ਸਿੰਘ ਡਲੀਰੀ, ਬਾਬਾ ਕਾਲਾ ਸਿੰਘ ਭੂਰੀ ਵਾਲੇ ਨੇ ਸੰਬੋਧਨ ਕੀਤਾ।