ਸਰਬਜੀਤ ਗਿੱਲ
ਫਿਲੌਰ,13 ਜੁਲਾਈ
ਜੰਡਿਆਲਾ ਮੰਜਕੀ ਦੇ ਦੋ ਸਾਲ ਤੋਂ ਬੰਦ ਪਏ ਗੁਰੂ ਗੋਬਿੰਦ ਸਿੰਘ ਸਰਕਾਰੀ ਕਾਲਜ ਜੰਡਿਆਲਾ ਨੂੰ ਮੁੜ ਤੋਂ ਚਲਾਉਣ ਲਈ ਵਿਧਾਇਕ ਪਰਗਟ ਸਿੰਘ, ਡਾ. ਲਖਵਿੰਦਰ ਸਿੰਘ ਜੌਹਲ ਅਤੇ ਪਿੰਡ ਦੇ ਸਰਪੰਚ ਮੱਖਣ ਪੱਲਣ ਵਲੋਂ ਕੀਤੀਆਂ ਕੋਸ਼ਿਸ਼ਾਂ ਸਦਕਾ ਕਾਲਜ ਦਾ ਪ੍ਰਬੰਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਆਉਣ ਤੋਂ ਬਾਅਦ ਕਾਲਜ ’ਚ ਇੱਕ ਸਾਦਾ ਸਮਾਗਮ ਕਰਵਾਇਆ ਗਿਆ। ਉਦਘਾਟਨੀ ਸਮਾਗਮ ਦੌਰਾਨ ਪਿੰਡ ਦੇ ਸਰਪੰਚ ਮੱਖਣ ਪੱਲਣ ਨੇ ਮਹਿਮਾਨਾਂ ਅਤੇ ਕਾਲਜ ਦੇ ਨਵੇਂ ਪ੍ਰਿੰਸੀਪਲ ਨੂੰ ਜੀ ਆਇਆ ਕਿਹਾ। ਪੰਜਾਬ ਕਲਾ ਪ੍ਰੀਸ਼ਦ ਦੇ ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਵਿਧਾਇਕ ਪਰਗਟ ਸਿੰਘ ਸਿੰਘ ਦਾ ਕਾਲਜ ਨੂੰ ਮੁੜ ਚਲਾਉਣ ਲਈ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ। ਉੱਘੇ ਕਮਿਊਨਿਸਟ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਇੱਥੋਂ ਦੇ ਵਿਦਿਆਰਥੀ ਰਹੇ ਸਤਨਾਮ ਸਿੰਘ ਚਾਨਾ ਨੇ ਕਾਲਜ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ।
ਮੁੱਖ ਮਹਿਮਾਨ ਹਲਕਾ ਜਲੰਧਰ ਛਾਉਣੀ ਦੇ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਉਹ ਭਾਵੇਂ ਸਿਆਸੀ ਆਗੂ ਹਨ ਪ੍ਰੰਤੂ ਕਾਲਜ ਦੇ ਪ੍ਰਬੰਧਕਾਂ ਨੂੰ ਕਹਿਣਗੇ ਕਿ ਦੁਬਾਰਾ ਚਾਲੂ ਹੋ ਰਹੇ ਇਸ ਵਿੱਦਿਅਕ ਅਦਾਰੇ ‘ਚ ਬਣਨ ਵਾਲੀਆਂ ਵੱਖ-ਵੱਖ ਪ੍ਰਬੰਧਕ ਕਮੇਟੀਆਂ ਨੂੰ ਸਿਆਸਤ ਤੋਂ ਦੂਰ ਰੱਖਿਆ ਜਾਵੇ। ਵਿਧਾਇਕ ਨੇ ਕਾਲਜ ਦੀ ਭਲਾਈ ਲਈ ਦੋ ਲੱਖ ਰੁਪਏ ਦੀ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਾਲਜ ਦੇ ਪ੍ਰਿੰਸੀਪਲ ਨਿਯੁਕਤ ਕੀਤੇ ਉੱਘੇ ਸਿੱਖਿਆ ਸ਼ਾਸਤਰੀ ਡਾ. ਜਸਪਾਲ ਸਿੰਘ ਰੰਧਾਵਾ ਨੇ ਕਾਲਜ ਦੀ ਬਿਹਤਰੀ ਦਾ ਭਰੋਸਾ ਦਿੱਤਾ। ਇਸ ਮੌਕੇ ਕਾਲਜ ਵਿੱਚ ਪਹਿਲੇ ਦਾਖਲੇ ਲਈ ਪਿੰਡ ਖੇੜਾ ਤੋਂ ਪੁੱਜੀ ਅਰਸ਼ਦੀਪ ਕੌਰ ਦੀ ਸਾਲਾਨਾ ਫੀਸ ਪ੍ਰਿੰਸੀਪਲ ਰੰਧਾਵਾ ਨੇ ਆਪਣੀ ਜੇਬ ’ਚੋਂ ਖਰਚ ਕਰਨ ਦਾ ਐਲਾਨ ਕੀਤਾ। ਕਾਲਜ ਦੇ ਪੁਰਾਣੇ ਵਿਦਿਆਰਥੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਜੋਗਿੰਦਰ ਸਿੰਘ ਭੰਗਾਲੀਆ ਨੇ ਕਾਲਜ ਦੀ ਬਿਹਤਰੀ ਲਈ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ।