ਪਾਲ ਸਿੰਘ ਨੌਲੀ
ਜਲੰਧਰ, 14 ਜਨਵਰੀ
ਮਾਂ ਨੇ ਜਿੰਨੇ ਚਾਵਾਂ ਨਾਲ ਆਪਣੇ ਪੁੱਤ ਨੂੰ ਕਿਸਾਨੀ ਘੋਲ ਵਿੱਚ ਸ਼ਾਮਲ ਹੋਣ ਲਈ ਘਰੋਂ ਤੋਰਿਆ ਸੀ, ਓਨੇ ਹੀ ਭਰੇ ਮਨ ਨਾਲ ਸਿਰ ’ਤੇ ਸਿਹਰੇ ਸਜਾ ਕੇ ਆਖਰੀ ਅਲਵਿਦਾ ਕਹੀ। ਜ਼ਿਲ੍ਹੇ ਦੇ ਪਿੰਡ ਉੱਚੇ ਦਾ ਰਹਿਣ ਵਾਲਾ 42 ਸਾਲਾ ਜਸਪ੍ਰੀਤ ਇਕ ਮਹੀਨੇ ਤੋਂ ਸਿੰਘੂ ਬਾਰਡਰ ’ਤੇ ਕਿਸਾਨੀ ਘੋਲ ਵਿੱਚ ਲੰਗਰ ਦੀ ਸੇਵਾ ਕਰ ਰਿਹਾ ਸੀ।
ਉਸ ਦੇ ਵੱਡੇ ਭਰਾ ਪਰਮਜੀਤ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਦੀ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਉਹ ਫੋਨ ’ਤੇ ਹਮੇਸ਼ਾ ਇਹੋ ਹੀ ਕਹਿੰਦਾ ਸੀ ਕਿ ਮੋਰਚਾ ਫਤਿਹ ਕਰਕੇ ਆਵਾਂਗੇ। ਸਿੰਘੂ ਅੰਦੋਲਨ ’ਚੋਂ ਬਿਮਾਰ ਹੋਣ ਕਾਰਨ ਇਕ ਮਹੀਨੇ ਬਾਅਦ ਘਰ ਪਰਤਿਆ ਸੀ। ਸਿਹਤ ਜ਼ਿਆਦਾ ਖ਼ਰਾਬ ਹੋਣ ਕਾਰਨ 11 ਜਨਵਰੀ ਦੀ ਰਾਤ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ। ਜਸਪ੍ਰੀਤ ਦੀਆਂ ਗੱਲਾਂ ਕਰਦਿਆਂ ਉਸ ਦੀ ਮਾਤਾ ਸਤਨਾਮ ਕੌਰ ਨੇ ਦੱਸਿਆ ਕਿ ਹਰ ਵੇਲੇ ਉਹ ਕਿਸਾਨੀ ਮੋਰਚੇ ਦੀਆਂ ਹੀ ਬਾਤਾਂ ਪਾਉਂਦਾ ਰਹਿੰਦਾ ਸੀ। ਘਰ ਵਿੱਚ ਦੂਜੇ ਭੈਣ-ਭਰਾਵਾਂ ਨਾਲੋਂ ਸਭ ਤੋਂ ਛੋਟਾ ਸੀ। ਤਿੰਨ ਏਕੜ ਜ਼ਮੀਨ ’ਚ ਪਰਿਵਾਰ ਦਾ ਗੁਜ਼ਾਰਾ ਨਹੀਂ ਸੀ ਹੋ ਰਿਹਾ ਤਾਂ ਉਹ ਅਮਰੀਕਾ ਚਲਾ ਗਿਆ ਸੀ। ਉਥੇ ਦਸ ਸਾਲ ਰਹਿਣ ਤੋਂ ਬਾਅਦ ਜਦੋਂ ਪੱਕਾ ਨਾ ਹੋਇਆ ਤਾਂ ਮਜਬੂਰੀ ਵੱਸ ਵਾਪਸ ਆਉਣਾ ਪਿਆ ਸੀ।
ਪਰਮਜੀਤ ਸਿੰਘ ਨੇ ਦੱਸਿਆ ਕਿ ਜ਼ਮੀਨ ਨੂੰ ਉਹ ਮਾਂ ਸਮਝਦਾ ਸੀ, ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਜਾਂਦੇ ਐਕਸ਼ਨਾਂ ਦੇ ਸੱਦੇ ’ਚ ਜਸਪ੍ਰੀਤ ਸ਼ਾਮਲ ਹੁੰਦਾ ਰਿਹਾ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਜਸਪ੍ਰੀਤ ਸਿੰਘ ਦਾ ਸਸਕਾਰ ਪਿੰਡ ਉੱਚਾ ’ਚ ਕਰ ਦਿੱਤਾ ਗਿਆ।
ਮੰਡੀ ਲੱਖੇਵਾਲੀ (ਜਸਪ੍ਰੀਤ ਸੇਖੋਂ): ਟਿਕਰੀ ਅੰਦੋਲਨ ਤੋਂ ਬਿਮਾਰ ਹੋਣ ਕਾਰਨ ਪਰਤੇ ਪਿੰਡ ਗੰਧੜ ਦੇ ਕਿਸਾਨ ਇਕਬਾਲ ਸਿੰਘ(45) ਪੁੱਤਰ ਕਰਤਾਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਇਕਬਾਲ ਸਿੰਘ ਟਿਕਰੀ ਅੰਦੋਲਨ ’ਚ ਆਪਣੇ ਕੱਪੜੇ ਤੇ ਹੋਰ ਸਾਮਾਨ ਛੱਡ ਕੇ ਆਇਆ ਸੀ ਤਾਂ ਕਿ ਠੀਕ ਹੋਣ ਮਗਰੋਂ ਉਹ ਫਿਰ ਸੰਘਰਸ਼ ’ਚ ਸ਼ਾਮਲ ਹੋ ਸਕੇ। ਜਾਣਕਾਰੀ ਅਨੁਸਾਰ ਥਾਣਾ ਲੱਖੇਵਾਲੀ ਅਧੀਨ ਪੈਂਦੇ ਪਿੰਡ ਗੰਧੜ ਦਾ ਕਿਸਾਨ ਇਕਬਾਲ ਸਿੰਘ ਤਕਰੀਬਨ 15 ਦਿਨ ਪਹਿਲਾਂ ਟਿਕਰੀ ਅੰਦੋਲਨ ’ਚ ਸ਼ਾਮਲ ਹੋਇਆ ਸੀ। ਉੱਥੇ ਸਿਹਤ ਖਰਾਬ ਹੋਣ ਕਾਰਨ ਉਹ ਬੀਤੇ ਸ਼ਨਿਚਰਵਾਰ ਇਲਾਜ ਲਈ ਪਿੰਡ ਪਰਤ ਆਇਆ। ਐਤਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਪਰਿਵਾਰ ਨੇ ਉਸ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਬੀਤੀ ਦੇਰ ਰਾਤ ਸਿਹਤ ਵਿਗੜਨ ਕਾਰਨ ਉਸ ਦੀ ਮੌਤ ਹੋ ਗਈ।
ਕਿਸਾਨ ਇਕਬਾਲ ਸਿੰਘ ਕੋਲ ਸਿਰਫ਼ ਡੇਢ ਏਕੜ ਜ਼ਮੀਨ ਹੈ ਅਤੇ ਉਸ ਦੇ ਪਰਿਵਾਰ ਵਿੱਚ ਪਤਨੀ ਅਤੇ ਇੱਕ 20 ਸਾਲਾ ਅਪਾਹਜ ਪੁੱਤਰ ਹੈ। ਬੀਕੇਯੂ ਸਿੱਧੂਪੁਰ ਦੇ ਆਗੂ ਨਿਰਮਲ ਸਿੰਘ ਜੱਸੇਆਣਾ ਅਤੇ ਪ੍ਰਗਟ ਸਿੰਘ ਨੇ ਦੱਸਿਆ ਕਿ ਕਿਸਾਨ ਇਕਬਾਲ ਸਿੰਘ ਨੂੰ ਸ਼ਹੀਦ ਐਲਾਨਦਿਆਂ ਉਸ ਦਾ ਅੱਜ ਪਿੰਡ ਗੰਧੜ ਦੇ ਸ਼ਮਸ਼ਾਨਘਾਟ ਵਿੱਚ ਦੇਰ ਸ਼ਾਮ ਸਸਕਾਰ ਕਰ ਦਿੱਤਾ ਗਿਆ। ਕਿਸਾਨ ਜਥੇਬੰਦੀ ਦੇ ਆਗੂਆਂ ਨੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਲਈ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ।
ਬੀਕੇਯੂ ਉਗਰਾਹਾਂ ਦੇ ਅਰਨੋ ਇਕਾਈ ਦੇ ਪ੍ਰਧਾਨ ਅਜੀਤ ਸਿੰਘ ਦਾ ਸਸਕਾਰ
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਟਿਕਰੀ ਧਰਨੇ ਤੋਂ ਪਰਤੇ ਬੀਕੇਯੂ ਏਕਤਾ ਉਗਰਾਹਾਂ ਦੀ ਪਿੰਡ ਅਰਨੋ ਦੀ ਇਕਾਈ ਦੇ ਪ੍ਰਧਾਨ ਅਜੀਤ ਸਿੰਘ ਦੀ ਬਿਮਾਰ ਹੋਣ ਕਾਰਨ ਬੀਤੇ ਸ਼ੁੱਕਰਵਾਰ ਇਲਾਜ ਦੌਰਾਨ ਮੌਤ ਹੋ ਗਈ ਸੀ। ਕਿਸਾਨ 26 ਨਵੰਬਰ ਤੋਂ ਦਿੱਲੀ ਅੰਦੋਲਨ ’ਚ ਟਰੈਕਟਰ ਟਰਾਲੀ ਸਮੇਤ ਸ਼ਾਮਲ ਹੋਇਆ ਅਤੇ ਬਿਮਾਰ ਹੋਣ ਕਾਰਨ 5 ਜਨਵਰੀ ਨੂੰ ਪਿੰਡ ਪਰਤਿਆ ਸੀ। ਉਹ ਟਰੈਕਟਰ-ਟਰਾਲੀ ਕੋਲ ਆਪਣੇ ਪੁੱਤਰ ਨੂੰ ਛੱਡ ਆਇਆ ਸੀ ਤਾਂ ਕਿ ਠੀਕ ਹੋ ਮੁੜ ਸੰਘਰਸ਼ ਦਾ ਹਿੱਸਾ ਬਣ ਸਕੇ। ਉਸ ਦੇ ਪੁੱਤਰ ਦੇ ਅੰਦੋਲਨ ’ਚੋਂ ਮੁੜਨ ਮਗਰੋਂ ਅੱਜ ਕਿਸਾਨ ਅਜੀਤ ਸਿੰਘ ਦੀ ਦੇਹ ਦਾ ਸਸਕਾਰ ਪਿੰਡ ਅਰਨੋ ਵਿੱਚ ਕਰ ਦਿੱਤਾ ਗਿਆ। ਲੰਮਾ ਸਮਾਂ ਸੰਘਰਸ਼ ਦਾ ਹਿੱਸਾ ਬਣੇ ਕਿਸਾਨ ਦੇ ਸਸਕਾਰ ਮੌਕੇ ਜਥੇਬੰਦੀਆਂ ਦੇ ਆਗੂਆਂ ਨੇ ਹੁਣ ਤਕ ਸ਼ਹੀਦ ਹੋਏ ਕਿਸਾਨਾਂ ਵਾਂਗ ਇਸ ਪਰਿਵਾਰ ਨੂੰ ਆਰਥਿਕ ਸਹਾਇਤਾ ਦਿਵਾਉਣ ਦਾ ਭਰੋਸਾ ਦਿਵਾਇਆ ਹੈ।