ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 27 ਨਵੰਬਰ
ਸਿੱਖ ਐਜੂਕੇਸ਼ਨਲ ਸੁਸਾਇਟੀ ਨੇ ‘ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਐਵਾਰਡ’ ਸਮਾਗਮ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਵਿਚ ਕਰਵਾਇਆ। ਇਸ ਦੌਰਾਨ ਕਲਾ ਅਤੇ ਸਾਹਿਤ ਦੇ ਅਨੁਵਾਦਕ ਅਤੇ ਆਲੋਚਕ ਡਾ. ਤੇਜਵੰਤ ਸਿੰਘ ਗਿੱਲ ਅਤੇ ਪੰਜਾਬੀ ਕਵੀ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਜਥੇਦਾਰ ਟੌਹੜਾ ਯਾਦਗਾਰੀ ਪੁਰਸਕਾਰ ਦੇ ਕੇ ਸਨਮਾਨਿਆ। ਸਮਾਗਮ ਦੇ ਮੁੱਖ ਮਹਿਮਾਨ ਇਟਰਨਲ ਯੂਨੀਵਰਸਿਟੀ ਬੜੂ ਸਾਹਿਬ ਦੇ ਵਾਈਸ ਚਾਂਸਲਰ ਪ੍ਰੋ. ਅਮਰੀਕ ਸਿੰਘ ਆਹਲੂਵਾਲੀਆ ਸਨ। ਇਸ ਮੌਕੇ ਜਗਤ ਗੁਰੂ ਨਾਨਕ ਪੰਜਾਬ ਰਾਜ ਓਪਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੀ ਸ਼ਾਮਲ ਹੋਏ। ਕਾਲਜ ਪ੍ਰਿੰਸੀਪਲ ਡਾ. ਨਵਜੋਤ ਕੌਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਿੱਖ ਐਜੂਕੇਸ਼ਨਲ ਸੁਸਾਇਟੀ ਵਿਚ ਸਿੱਖਿਆ ਦੇ ਪ੍ਰਸਾਰ ਵਿਚ ਪਾਏ ਯੋਗਦਾਨ ਬਾਰੇ ਜਾਣਕਾਰੀ ਦਿੱਤੀ।
ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਬਰਾੜ ਤੇ ਸੁਸਾਇਟੀ ਦੇ ਸਕੱਤਰ ਕਰਨਲ (ਸੇਵਾਮੁਕਤ) ਜਸਮੇਰ ਸਿੰਘ ਬਾਲਾ ਨੇ ਜਥੇਦਾਰ ਟੌਹੜਾ ਦੇ ਜੀਵਨ ਅਤੇ ਵਿਰਾਸਤ ਬਾਰੇ ਚਰਚਾ ਕੀਤੀ। ਲੇਖਕ ਅਮਰਜੀਤ ਸਿੰਘ ਗਰੇਵਾਲ ਨੇ ‘ਕਿਸਾਨਾਂ ਤੇਰਾ ਕੀ ਬਣੂ’ ਬਾਰੇ ਪਰਚਾ ਪੜ੍ਹਿਆ। ਉਨ੍ਹਾਂ ਕਿਸਾਨਾਂ ਦੀ ਹਾਲਤ ਅਤੇ ਉਨ੍ਹਾਂ ’ਤੇ ਕਰਜ਼ਿਆਂ ਦੀ ਭਾਰੀ ਹੁੰਦੀ ਜਾ ਰਹੀ ਪੰਡ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਜਥੇਦਾਰ ਟੌਹੜਾ ਦੇ ਜੀਵਨ ਬਾਰੇ ਲਿਖਤੀ ਸੋਵੀਨਾਰ ਅਤੇ ਤਿੰਨ ਕਿਤਾਬਾਂ ‘ਸਿੱਖ ਨੈਸ਼ਨਲ ਕਾਲਜ ਲਾਹੌਰ-ਸਥਾਪਨਾ ਤੇ ਵਿਕਾਸ’, ‘ਗੁਰੂ ਤੇਗ ਬਹਾਦਰ ਸ਼ਬਦ ਕੋਸ਼ ਅਤੇ ਤੁਕ ਤਤਕਰਾ’ ਅਤੇ ‘ਦਿ ਪਾਵਰ ਆਫ਼ ਦਾ ਪਲੌ’ ਜਾਰੀ ਕੀਤੀਆਂ ਗਈਆਂ। ਇਹ ਪੁਸਤਕਾਂ ਸੁਸਾਇਟੀ ਅਧੀਨ ਵੱਖ-ਵੱਖ ਸੰਸਥਾਵਾਂ ਦੇ ਫੈਕਲਟੀ ਮੈਂਬਰਾਂ ਦੁਆਰਾ ਲਿਖੀਆਂ ਗਈਆਂ ਹਨ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਬਲਕਾਰ ਸਿੰਘ, ਸਾਬਕਾ ਚੀਫ ਇੰਜਨੀਅਰ ਕੁਲਬੀਰ ਸਿੰਘ ਨੇ ਸੰਬੋਧਨ ਕੀਤਾ।