ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 8 ਅਗਸਤ
ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਵੱਲੋਂ ਅੱਜ ਜੇੲਈ ਮੇਨਜ਼ ਦਾ ਨਤੀਜਾ ਐਲਾਨਿਆ ਗਿਆ। ਇਸ ਵਾਰ ਟਰਾਈਸਿਟੀ ਦੇ ਛੇ ਵਿਦਿਆਰਥੀਆਂ ਨੇ ਟੌਪ 100 ਵਿਚ ਥਾਂ ਬਣਾਈ ਹੈ। ਟਰਾਈਸਿਟੀ ਵਿਚ ਸਾਰਥ ਸਿੰਗਲਾ ਨੇ ਟੌਪ ਕੀਤਾ ਹੈ। ਦੱਸਣਾ ਬਣਦਾ ਹੈ ਕਿ ਸਾਰਥ ਨੇ ਮੇਨਜ਼ 1 ਵਿਚ ਵੀ ਮੋਹਰੀ ਸਥਾਨ ਹਾਸਲ ਕੀਤਾ ਸੀ। ਇਸ ਵਾਰ ਟੌਪ ਛੇ ਵਿਚ ਥਾਂ ਬਣਾਉਣ ਵਾਲੇ ਜੌੜੇ ਭਰਾ ਵੀ ਸ਼ਾਮਲ ਹਨ। ਸਾਰਥ ਸਿੰਗਲਾ ਦਾ ਆਲ ਇੰਡੀਆ 41ਵਾਂ ਰੈਂਕ ਆਇਆ ਹੈ ਜਦਕਿ ਵਾਸੂ ਸਿੰਗਲਾ ਨੇ ਏਆਈਆਰ 46, ਸੌਮਿਆ ਬਾਂਸਲ ਦਾ ਏਆਈਆਰ 73, ਸੰਕਲਪ ਮਿੱਤਲ ਦਾ ਏਆਈਆਰ 76, ਸੋਮਿਲ ਬਾਂਸਲ ਦਾ ਏਆਈਆਰ 90 ਤੇ ਯਗ ਗੋਇਲ ਦਾ 99 ਵਾਂ ਰੈਂਕ ਆਇਆ ਹੈ। ਇਸ ਤੋਂ ਬਾਅਦ ਜੇਈਈ ਅਡਵਾਂਸਡ ਪ੍ਰੀਖਿਆ 28 ਅਗਸਤ ਨੂੰ ਹੋਵੇਗੀ ਜਿਸ ਤੋਂ ਬਾਅਦ ਮੋਹਰੀ ਵਿਦਿਆਰਥੀਆਂ ਨੂੰ ਦੇਸ਼ ਦੀ ਸਿਖਰਲੀਆਂ ਆਈਆਈਟੀ ਵਿਚ ਦਾਖਲਾ ਮਿਲੇਗਾ। ਸਾਰਥ ਸਿੰਗਲਾ ਦਾ ਭਾਰਤ ਭਰ ਵਿਚ 41ਵਾਂ ਰੈਂਕ ਆਇਆ ਹੈ ਤੇ ਉਸ ਨੇ 99.998 ਪਰਸੈਂਟਾਈਲ ਹਾਸਲ ਕੀਤੇ ਹਨ। ਉਸ ਨੇ ਦੱਸਿਆ ਕਿ ਉਸ ਨੂੰ ਪਿਛਲੀ ਪ੍ਰੀਖਿਆ ਦੇ ਮੁਕਾਬਲੇ ਇਹ ਪ੍ਰੀਖਿਆ ਆਸਾਨ ਲੱਗੀ ਸੀ। ਸਾਰਥ ਨੇ ਬਾਰ੍ਹਵੀਂ ਜਮਾਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 23 ਤੋਂ 96.6 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੈ ਤੇ ਉਹ ਸੈਕਟਰ 50 ਵਿਚ ਰਹਿੰਦਾ ਹੈ। ਉਸ ਨੇ ਦੱਸਿਆ ਕਿ ਉਹ ਰੋਜ਼ਾਨਾ 9 ਘੰਟੇ ਪੜ੍ਹਾਈ ਕਰਦਾ ਰਿਹਾ ਹੈ। ਉਸ ਦੇ ਪਿਤਾ ਵਕੀਲ ਤੇ ਮਾਂ ਘਰੇਲੂ ਸੁਆਣੀ ਹੈ। ਉਹ ਆਈਆਈਟੀ ਮੁੰਬਈ ਤੋਂ ਕੰਪਿਊਟਰ ਸਾਇੰਸ ਕਰਨ ਦਾ ਚਾਹਵਾਨ ਹੈ। ਵਾਸੂ ਸਿੰਗਲਾ ਦੇ 99.93 ਪਰਸੈਂਟਾਈਲ ਆਏ ਹਨ। ਉਸ ਨੇ ਗੁਰੂ ਹਰਕ੍ਰਿਸ਼ਨ ਮਾਡਲ ਸਕੂਲ ਸੈਕਟਰ 38 ਤੋਂ ਬਾਰ੍ਹਵੀਂ ਕੀਤੀ ਜਿਸ ਦੇ 97.4 ਫੀਸਦੀ ਅੰਕ ਆਏ। ਉਹ ਆਈਆਈਟੀ ਮੁੰਬਈ ਜਾਂ ਦਿੱਲੀ ਤੋਂ ਕੰਪਿਊਟਰ ਸਾਇੰਸ ਵਿਚ ਬੀਟੈਕ ਕਰਨਾ ਚਾਹੁੰਦਾ ਹੈ ਤੇ ਉਹ ਰੋਜ਼ਾਨਾ ਸੱਤ ਤੋਂ ਅੱਠ ਘੰਟੇ ਪੜ੍ਹਾਈ ਕਰਦਾ ਰਿਹਾ ਹੈ।
ਜੁੜਵੇਂ ਭਰਾਵਾਂ ਦਾ ਮਾਅਰਕਾ
ਜੇਈਈ ਮੇਨਜ਼ ਵਿਚ ਜੁੜਵਾਂ ਭਰਾ ਸੌਮਿਆ ਬਾਂਸਲ ਤੇ ਸੋਮਿਲ ਬਾਂਸਲ ਛਾਏ। ਸੌਮਿਆ ਦਾ ਆਲ ਇੰਡੀਆ 73 ਜਦਕਿ ਸੋਮਿਲ ਦਾ 90ਵਾਂ ਰੈਂਕ ਆਇਆ ਹੈ। ਇਹ ਦੋਵੇਂ ਮਨੀਮਾਜਰਾ ਦੇ 13 ਸੈਕਟਰ ਵਿਚ ਰਹਿੰਦੇ ਹਨ। ਸਰਕਾਰੀ ਸਕੂਲ ਮਨੀਮਾਜਰਾ ਵਿਚ ਪੜ੍ਹਦਿਆਂ ਸੌਮਿਆ ਨੇ 93.4 ਫੀਸਦੀ ਜਦਕਿ ਸੋਮਿਲ ਨੇ 96.6 ਫੀਸਦੀ ਅੰਕ ਹਾਸਲ ਕੀਤੇ। ਉਨ੍ਹਾਂ ਦੇ ਪਿਤਾ ਬਿਜ਼ਨਸਮੈਨ ਤੇ ਮਾਂ ਘਰੇਲੂ ਸੁਆਣੀ ਹੈ। ਉਹ ਮੁੰਬਈ ਆਈਆਈਟੀ ਤੋਂ ਕੰਪਿਊਟਰ ਸਾਇੰਸ ਕਰਨਾ ਚਾਹੁੰਦੇ ਹਨ।