ਮਨੋਜ ਸ਼ਰਮਾ
ਬਠਿੰਡਾ, 22 ਸਤੰਬਰ
ਇੱਥੇ ਇਕ ਸਰਬ ਸਾਂਝੀ ਮੀਟਿੰਗ ਦੌਰਾਨ ਨਗਰ ਪੰਚਾਇਤ ਨਥਾਣਾ ਦੇ ਇਕ ਜੇਈ ਵੱਲੋਂ ਸੀਨੀਅਰ ਪੱਤਰਕਾਰ ਭਗਵਾਨ ਦਾਸ ਗਰਗ ਨਾਲ ਕੀਤੇ ਗਏ ਦੁਰਵਿਹਾਰ ਦਾ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਨੋਟਿਸ ਲਿਆ ਹੈ। ਯੂਨੀਅਨ ਨੇ ਐਲਾਨ ਕੀਤਾ ਹੈ ਕਿ ਜੇ ਸਬੰਧਤ ਜੇਈ ਨੇ ਜਨਤਕ ਤੌਰ ’ਤੇ ਗਲਤੀ ਦਾ ਅਹਿਸਾਸ ਨਾ ਕੀਤਾ ਤਾਂ ਯੂਨੀਅਨ ਦੀ ਬਲਾਕ ਨਥਾਣਾ ਇਕਾਈ ਵਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਦੱਸ ਦੇਈਏ ਕਿ ਨਥਾਣਾ ਵਿਚ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਲੈ ਕੇ ਨਗਰ ਨਿਵਾਸੀਆਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਝੰਡੇ ਹੇਠ ਪਿਛਲੇ 10 ਦਿਨਾਂ ਤੋਂ ਸੰਘਰਸ਼ ਵਿੱਢਿਆ ਹੋਇਆ ਹੈ। ਇਸ ਸਬੰਧੀ ਲੋਕ ਧਿਰਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਵਿੱਚ ਪੱਤਰਕਾਰ ਭਾਈਚਾਰਾ ਵੀ ਮੌਜੂਦ ਸੀ।
ਇਸੇ ਦੌਰਾਨ ਨਗਰ ਪੰਚਾਇਤ ਦੇ ਜੇਈ ਗੁਰਬਖ਼ਸ਼ ਸਿੰਘ ਨੇ ਸੀਨੀਅਰ ਪੱਤਰਕਾਰ ਭਗਵਾਨ ਦਾਸ ਗਰਗ ਨੂੰ ਬਾਹਰ ਜਾਣ ਲਈ ਆਖ ਦਿੱਤਾ, ਜਿਸ ਦਾ ਮੌਕੇ ’ਤੇ ਮੌਜੂਦ ਪੱਤਰਕਾਰ ਭਾਈਚਾਰੇ ਨੇ ਬੁਰਾ ਮਨਾਇਆ ਅਤੇ ਮਾਮਲਾ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਧਿਆਨ ਵਿਚ ਲਿਆਂਦਾ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਜੌੜਾ ਨੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਤੇ ਘਟਨਾ ਪ੍ਰਤੀ ਰੋਸ ਪ੍ਰਗਟਾਉਂਦਿਆਂ ਮਸਲਾ ਹੱਲ ਕਰਨ ਦੀ ਮੰਗ ਕੀਤੀ।