ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 27 ਦਸੰਬਰ
ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਅੱਜ ਨਗਰ ਕੀਰਤਨ ਉਪਰੰਤ ਸਮਾਪਤ ਹੋ ਗਈ ਜਦੋਂਕਿ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਹੇਠ ਭਲਕੇ ਸੋਮਵਾਰ ਨੂੰ ਖਾਲਸਾਈ ਮਹੱਲਾ ਗੁਰਦੁਆਰਾ ਸ੍ਰੀ ਬਬਿਾਨਗੜ੍ਹ ਤੋਂ ਸਜਾਇਆ ਜਾਵੇਗਾ। ਅੱਜ ਨਗਰ ਕੀਰਤਨ ਵਿਚ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਨਤਮਸਤਕ ਹੋਏ, ਜਿਨ੍ਹਾਂ ਲਈ ਫ਼ਤਹਿਗੜ੍ਹ ਸਾਹਿਬ ਤੇ ਇਸ ਨੂੰ ਮਿਲਦੀਆਂ ਸਾਰੀਆਂ ਸੜਕਾਂ ’ਤੇ ਵੱਖ-ਵੱਖ ਲੰਗਰ ਲਗਾਏ ਹੋਏ ਸਨ। ਇਸ ਤੋਂ ਇਲਾਵਾ ਸ਼ਹੀਦੀ ਸਭਾ ਦੌਰਾਨ ਪ੍ਰਸ਼ਾਸਨ ਵੱਲੋਂ ਕੋਵਿਡ ਨੂੰ ਮੁੱਖ ਰੱਖਦਿਆਂ ਮਾਸਕ ਅਤੇ ਸੈਨੇਟਾਈਜ਼ਰ ਪਾਉਣ ਦੀ ਵੀ ਅਪੀਲ ਕੀਤੀ ਗਈ। ਜਾਣਕਾਰੀ ਮੁਤਾਬਿਕ ਗੁਰਦੁਆਰਾ ਜੋਤੀ ਸਰੂਪ ਵਿੱਚ ਨਗਰ ਕੀਰਤਨ ਦੀ ਸਮਾਪਤੀ ਮੌਕੇ ਅਰਦਾਸ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਸਾਇਰਨ ਵੀ ਵਜਾਇਆ ਗਿਆ ਤਾਂ ਜੋ ਸ਼ਹੀਦੀ ਸਭਾ ਵਿਚ ਸ਼ਾਮਲ ਸਮੂਹ ਸੰਗਤ ਸ਼ਹੀਦਾਂ ਪ੍ਰਤੀ ਸ਼ਰਧਾ ਤੇ ਸਤਿਕਾਰ ਭੇਟ ਕਰ ਸਕੇ।
ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵੱਲੋਂ ਸ਼ਹੀਦੀ ਸਭਾ ਮੌਕੇ ਵੱਖ-ਵੱਖ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਵਿਚ ਯੂਨੀਵਰਸਿਟੀ ਵੱਲੋਂ ਫਿਜ਼ੀਓਥੈਰੇਪੀ ਅਤੇ ਹੋਮਿਓਪੈਥੀ ਦੇ ਸੇਵਾ ਕੈਂਪ, ਗੁਰਮਤਿ ਪੁਸਤਕ ਪ੍ਰਦਰਸ਼ਨੀ, ਦਸਤਾਰ ਸਿਖਲਾਈ ਸੇਵਾ ਕੈਂਪ ਅਤੇ ਸਿੱਖ ਧਰਮ ਨਾਲ ਸਬੰਧਿਤ ਡਾਕੂਮੈਂਟਰੀਆਂ ਦੇ ਸ਼ੋਅ ਸ਼ਾਮਲ ਹਨ। ਸ਼ਹੀਦੀ ਸਭਾ ਦੇ ਅੰਤਿਮ ਦਿਨ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪ੍ਰਿਤ ਪਾਲ ਸਿੰਘ, ਸਟਾਫ਼ ਮੈਂਬਰ ਅਤੇ ਵਿਦਿਆਰਥੀਆਂ ਨੇ ਨਗਰ ਕੀਰਤਨ ਵਿਚ ਸ਼ਮੂਲੀਅਤ ਵੀ ਕੀਤੀ।
ਇਸ ਮੌਕੇ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਵਿੱਚ ਚਾਰ ਰੋਜ਼ਾ ਧਾਰਮਿਕ ਸਮਾਗਮ ਆਰੰਭ ਹੋ ਗਏ ਹਨ। ਇਨ੍ਹਾਂ ਸਮਾਗਮਾਂ ਦਾ ਉਦਘਾਟਨ ਸਮਾਜ ਸੇਵਕ ਜਸਪਾਲ ਸਿੰਘ ਕਲੌਂਧੀ ਨੇ ਆਪਣੇ ਪਰਿਵਾਰ ਸਮੇਤ ਪੁੱਜਣ ’ਤੇ ਕੀਤਾ।
ਕੁਰਾਲੀ (ਪੱਤਰ ਪ੍ਰੇਰਕ): ਸੀਸਵਾਂ ਮਾਰਗ ’ਤੇ ਬੜੌਦੀ ਟੌਲ ਪਲਾਜ਼ਾ ਉਤੇ ਲੋਕ ਹਿੱਤ ਮਿਸ਼ਨ ਵੱਲੋਂ ਕਿਸਾਨੀ ਹੱਕਾਂ ਦੀ ਰਾਖੀ ਲਈ ਜਾਰੀ ਮੋਰਚੇ ਵਿੱਚ ਸ਼ਹੀਦੀ ਸਭਾ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਰੋਸ ਧਰਨੇ ਨੂੰ ਨਿਰੋਲ ਧਾਰਮਿਕ ਰੰਗ ਦਿੱਤਾ। ਦੱਸਣਯੋਗ ਹੈ ਕਿ ਇਥੇ ਲੜੀਵਾਰ ਭੁੱਖ ਹੜਤਾਲ ਵੀ ਜਾਰੀ ਹੈ। ਅੱਜ ਦੇ ਧਾਰਮਿਕ ਸਮਾਗਮ ਵਿੱਚ ਰਾਗੀ, ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ ਤੇ ਛੋਟੇ ਸਾਹਿਬਜ਼ਾਦਿਆਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਸਮਾਗਮ ਵਿੱਚ ਭਾਈ ਹਰਜੀਤ ਸਿੰਘ ਹਰਮਨ, ਭਾਈ ਦਵਿੰਦਰ ਸਿੰਘ ਰੋਪੜ ਤੇ ਢਾਡੀ ਜਸਵੀਰ ਸਿੰਘ ਪਪਰਾਲੀ ਨੇ ਹਾਜ਼ਰੀ ਭਰੀ। ਇਸ ਦੌਰਾਨ ਗੁਰੂ ਦਾ ਲੰਗਰ ਵੀ ਵਰਤਾਇਆ ਗਿਆ।
ਨੂਰਪੁਰ ਬੇਦੀ (ਪੱਤਰ ਪ੍ਰੇਰਕ): ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ’ਚ ਸ਼ਾਮਲ ਹੋਣ ਲਈ ਅੱਜ ਬੀਬੀਆਂ ਦਾ ਇੱਕ ਜਥਾ ਸ਼੍ਰੋਮਣੀ ਅਕਾਲੀ ਦਲ ਬਾਦਲ ਮਹਿਲਾ ਬਲਾਕ ਨੂਰਪੁਰ ਬੇਦੀ ਦੀ ਪ੍ਰਧਾਨ ਬਲਜਿੰਦਰ ਕੌਰ ਕੰਗ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੌਕੇ ਬੀਬੀ ਕੰਗ ਨੇ ਦੱਸਿਆ ਕਿ ਸਾਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਸੇਧ ਲੈਣ ਦੀ ਲੋੜ ਹੈ। ਜਾਣਕਾਰੀ ਮੁਤਾਬਿਕ ਅੱਜ ਦੇ ਜਥੇ ਵਿੱਚ ਪਿੰਡ ਕਲਵਾਂ ਦੀਆਂ ਦੋ ਦਰਜਨ ਤੋਂ ਵੱਧ ਬੀਬੀਆਂ ਨੇ ਸ਼ਮੂਲੀਅਤ ਕੀਤੀ।
ਮਾਤਾ ਗੁਜਰੀ ਕਾਲਜ ਦਾ ਸਟਾਫ ਤੇ ਵਿਦਿਆਰਥੀ ਨਗਰ ਕੀਰਤਨ ’ਚ ਸ਼ਾਮਲ
ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਸ਼ਹੀਦੀ ਸਭਾ ਦੇ ਅਖੀਰਲੇ ਦਿਨ ਸ਼ਰਧਾ ਨਾਲ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਦੱਸਿਆ ਕਿ ਕਾਲਜ ਦੇ ਤਕਰੀਬਨ 1 ਹਜ਼ਾਰ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਸ਼ਹੀਦੀ ਸਭਾ ਦੌਰਾਨ ਸੇਵਾ ਕਾਰਜਾਂ ਵਿਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਐਨ.ਐਸ.ਐਸ ਯੂਨਿਟ ਵੱਲੋਂ ਲਗਾਏ ਖ਼ੂਨਦਾਨ ਕੈਂਪ ਦੌਰਾਨ ਤਿੰਨ ਦਿਨਾਂ ਵਿੱਚ 400 ਯੂਨਿਟ ਖ਼ੂਨਦਾਨ ਕੀਤਾ ਗਿਆ ਅਤੇ ਯੂਥ ਰੈੱਡ ਕਰਾਸ ਯੂਨਿਟ ਵੱਲੋਂ ਲਗਾਏ ਫ਼ਸਟ ਏਡ ਕੈਂਪ ਵਿਚ 5 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ। ਇਸ ਮੌਕੇ ਕਾਲਜ ਦੀ ਗਵਰਨਿੰਗ ਬਾਡੀ ਦੇ ਆਨਰੇਰੀ ਸਕੱਤਰ ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਨੇ ਵਿਦਿਆਰਥੀਆਂ ਅਤੇ ਸਟਾਫ਼ ਦੀ ਸ਼ਲਾਘਾ ਕੀਤੀ।
ਸ਼ਹੀਦਾਂ ਦੀ ਯਾਦ ਵਿੱਚ ਲੰਗਰ ਲਾਏ
ਕੁਰਾਲੀ (ਪੱਤਰ ਪ੍ਰੇਰਕ): ਕੁਰਾਲੀ ਦੇ ਮੋਰਿੰਡਾ ਮਾਰਗ ’ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਯਾਦ ਨੂੰ ਸਮਰਪਿਤ ਲੰਗਰ ਲਗਾਇਆ ਗਿਆ। ਗੁਰਪ੍ਰੀਤ ਸਿੰਘ ਦੀ ਦੇਖ ਰੇਖ ਹੇਠ ਲਗਾਏ ਗਏ ਚਾਹ ਬ੍ਰੈੱਡ-ਪਕੌੜਿਆਂ ਦੇ ਲੰਗਰ ਵਿੱਚ ਮਨਪ੍ਰੀਤ ਸਿੰਘ, ਕੇਵਲਪ੍ਰੀਤ ਸਿੰਘ, ਦੀਪ ਸਹੌੜਾਂ ਅਤੇ ਗੁਰਜੰਟ ਸਿੰਘ ਸਣੇ ਹੋਰਨਾਂ ਸੇਵਾ ਕੀਤੀ।
ਖਰੜ (ਪੱਤਰ ਪ੍ਰੇਰਕ): ਮੁੰਡੀ ਖਰੜ ਵਿੱਚ ਵਾਰਡ ਨੰਬਰ-7 ’ਚ ਗੁਰੂ ਘਰ ਦੇ ਸੇਵਾਦਾਰ ਜਸਵੀਰ ਸਿੰਘ ਬੱਬੂ ਤੇ ਸੰਗਤ ਵੱਲੋਂ ਲੰਗਰ ਲਗਾਇਆ ਗਿਆ, ਜਿਸ ਦੌਰਾਨ ਉਮੀਦਵਾਰ ਅਮਰੀਕ ਸਿੰਘ ਹੈਪੀ ਨੇ ਹਾਜ਼ਰੀ ਭਰੀ। ਇਸ ਦੌਰਾਨ ਜਸਵੀਰ ਸਿੰਘ ਨੇ ਅਮਰੀਕ ਸਿੰਘ ਹੈਪੀ ਦਾ ਸਿਰੋਪਾ ਪਾ ਕੇ ਸਨਮਾਨ ਕੀਤਾ। ਇਸੇ ਤਰ੍ਹਾਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਇਤਿਹਾਸ ਸਲਾਮ ਕਰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਟਕਸਾਲੀ ਦੇ ਮੁੱਖ ਬੁਲਾਰੇ ਜਗਤਾਰ ਸਿੰਘ ਘੜੂੰਆਂ ਨੇ ਹਲਕਾ ਖਰੜ ਦੇ ਵੱਖ-ਵੱਖ ਧਾਰਮਿਕ ਸਮਾਗਮ ਤੇ ਲੰਗਰਾਂ ਵਿੱਚ ਨਤਮਸਤਕ ਹੁੰਦਿਆਂ ਆਖੇ।