ਪਠਾਨਕੋਟ (ਐੱਨ.ਪੀ. ਧਵਨ): ਭੋਆ ਹਲਕੇ ਵਿੱਚ ਨਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੂੰ ਅਦਾਲਤ ਨੇ ਅੰਤਰਿਮ ਜ਼ਮਾਨਤ ਦਿੱਤੀ ਹੈ। ਜ਼ਿਕਰਯੋਗ ਹੈ ਕਿ ਤਾਰਾਗੜ੍ਹ ਪੁਲੀਸ ਨੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ 17 ਤਰੀਕ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ 2 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਸੀ। ਉਸ ਨੂੰ 18 ਤਰੀਕ ਸ਼ਾਮ ਨੂੰ ਹੀ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਦਿਲ ਦੀ ਜਾਂਚ ਲਈ ਲਿਜਾਇਆ ਗਿਆ ਸੀ, ਜਿਥੇ ਹਾਲਤ ਖਰਾਬ ਹੋਣ ਬਾਅਦ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ। ਉਥੋਂ ਹੀ ਉਸ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸੁਣਵਾਈ ਕਰਦਿਆਂ ਉਸ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ।