ਰਾਏਕੋਟ (ਨਿੱਜੀ ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਰਾਏਕੋਟ ਵਿੱਚ ਲੋਕ ਸਭਾ ਚੋਣਾਂ ਦੌਰਾਨ ਅਨੇਕਾਂ ਪਿੰਡਾਂ ਵਿੱਚ ‘ਝਾੜੂ’ ‘ਤੱਕੜੀ’ ਵਿੱਚ ਤੁਲਦਾ ਦਿਖਾਈ ਦਿੱਤਾ। ਦਰਜਨ ਦੇ ਕਰੀਬ ਪਿੰਡਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਬਿਕਰਮਜੀਤ ਸਿੰਘ ਖ਼ਾਲਸਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਸਮਰਥਕ ਇੱਕੋ ਤੰਬੂ ਹੇਠ ਸਾਂਝੇ ਪੋਲਿੰਗ ਬੂਥ ਲਾਈ ਬੈਠੇ ਟੱਕਰੇ। ਰਾਏਕੋਟ ਸ਼ਹਿਰ ਦੇ ਨਾਲ ਲਗਦੇ ਪਿੰਡ ਗੋਂਦਵਾਲ ਵਿੱਚ ਅਕਾਲੀ ਦਲ ਅਤੇ ‘ਆਪ’ ਦੇ ਸਮਰਥਕਾਂ ਨੇ ਸਰਕਾਰੀ ਸਕੂਲ ਦੇ ਸਾਹਮਣੇ ਪਿੰਡ ਨੂੰ ਜਾਣ ਵਾਲੀ ਸੰਪਰਕ ਸੜਕ ਉਪਰ ਸਾਂਝਾ ਤੰਬੂ ਲਾ ਰੱਖਿਆ ਸੀ। ਜਦੋਂ ਪੱਤਰਕਾਰਾਂ ਨੇ ਇਸ ਦੀ ਤਸਵੀਰ ਖਿੱਚੀ ਤਾਂ ਤੰਬੂ ਤੋਂ ਬਾਹਰ ਬੈਠੇ ਸਮਰਥਕ ਵੀ ਤੰਬੂ ਹੇਠ ਆ ਗਏ ਅਤੇ ਉਨ੍ਹਾਂ ਕਿਹਾ ਕਿ ਅਸੀਂ ਪਿੰਡ ਵਿੱਚ ਆਪਸੀ ਭਾਈਚਾਰਾ ਬਣਾ ਕੇ ਰੱਖਣ ਲਈ ਸਾਂਝਾ ਬੂਥ ਲਾਇਆ ਹੈ। ਇਸ ਤਰ੍ਹਾਂ ਹੋਰ ਵੀ ਕਈ ਪਿੰਡਾਂ ਵਿੱਚ ਇਹੋ ਤਸਵੀਰ ਸਾਹਮਣੇ ਆਈ।