ਖੇਤਰੀ ਪ੍ਰਤੀਨਿਧ
ਪਟਿਆਲਾ, 2 ਨਵੰਬਰ
ਪੰਜਾਬੀ ਭਾਸ਼ਾ ਨੂੰ ਸਮੇਂ ਦੀ ਹਾਣ ਦੀ ਬਣਾਉਣ ਲਈ ਸਾਂਝੇ ਅਤੇ ਵਡੇਰੇ ਯਤਨਾਂ ਦਾ ਹੋਕਾ ਦਿੰਦੀ ਹੋਈ ਦੋ ਰੋਜ਼ਾ ‘ਸਰਬ ਭਾਰਤੀ ਪੰਜਾਬੀ ਕਾਨਫ਼ਰੰਸ’ ਅੱਜ ਸਮਾਪਤ ਹੋ ਗਈ। ਪੰਜਾਬੀ ਯੂਨੀਵਰਸਿਟੀ ਅਤੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਵੱਲੋਂ ‘ਪੰਜਾਬੀ ਭਾਸ਼ਾ ਅਤੇ ਸਾਹਿਤ: ਸਥਿਤੀ ਅਤੇ ਸੰਕਟ’ ਵਿਸ਼ੇ ’ਤੇ ਆਧਾਰਤ ਇਸ ਕਾਨਫਰੰਸ ਦੌਰਾਨ ਦੇਸ਼ ਵਿਦੇਸ਼ ਨਾਲ਼ ਸਬੰਧਤ ਵਿਦਵਾਨਾਂ ਵੱਲੋਂ ਆਪਣੇ ਤਰਕਾਂ ਅਤੇ ਤਜਰਬਿਆਂ ਦੇ ਹਵਾਲ਼ੇ ਨਾਲ਼ ਪੰਜਾਬੀ ਭਾਸ਼ਾ ਦੇ ਖ਼ਾਤਮੇ ਦੇ ਖਦਸ਼ਿਆਂ ਨੂੰ ਰੱਦ ਕੀਤਾ ਗਿਆ। ਕਾਨਫਰੰਸ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਅਤੇ ਕੋਆਰਡੀਨੇਟਰ ਡਾ. ਸਤਿਨਾਮ ਸੰਧੂ ਸਮੇਤ ਹੋਰਾਂ ਦੀ ਦੇਖ-ਰੇਖ ਹੇਠਲੀ ਇਸ ਕਾਨਫਰੰਸ ’ਚ ਸਾਹਮਣੇ ਆਏ ਤੱਥਾਂ ਤਹਿਤ ਵਿਸ਼ਵ ’ਚ ਪੰਜਾਬੀ ਦਸਵੇਂ ਸਥਾਨ ’ਤੇ ਹੈ।
ਇਸੇ ਦੌਰਾਨ ਵਿਦਾਇਗੀ ਭਾਸ਼ਣ ਦਿੰਦਿਆਂ ਸੀਨੀਅਰ ਪੱਤਰਕਾਰ ਸਤਨਾਮ ਮਾਣਕ ਦਾ ਕਹਿਣਾ ਸੀ ਕਿ ‘ਪੰਜਾਬੀਆਂ ਨੂੰ ਆਪਣੀ ਬੋਲੀ ਸੱਭਿਆਚਾਰ ਅਤੇ ਬਿਹਤਰ ਭਵਿੱਖ ਦੀ ਰਾਖੀ ਲਈ ਆਪਣੇ ਵਿਦਿਅਕ ਅਦਾਰਿਆਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਬੁਢਲਾਡਾ ਤੋਂ ‘ਆਪ’ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸਾਡੀ ਜ਼ਿੰਦਗੀ ਵਿੱਚ ਪੰਜਾਬੀ ਭਾਸ਼ਾ ਮਾਂ ਦਾ ਰੁਤਬਾ ਰੱਖਦੀ ਹੈ। ਪੰਜਾਬੀ ਭਾਸ਼ਾ ਦਾ ਸਤਿਕਾਰ ਸਾਨੂੰ ਆਪਣੀ ਜਨਮ ਦੇਣ ਵਾਲੀ ਮਾਂ ਦੇ ਬਰਾਬਰ ਕਰਨਾ ਚਾਹੀਦਾ ਹੈ। ਅਜਿਹੀ ਸੂਰਤ ਵਿੱਚ ਪੰਜਾਬੀ ਭਾਸ਼ਾ ਕਦੇ ਵੀ ਸਮਾਪਤ ਨਹੀਂ ਹੋ ਸਕਦੀ। ਧੰਨਵਾਦੀ ਭਾਸ਼ਨ ’ਚ ਵਾਈਸ ਚਾਂਸਲਰ ਪ੍ਰੋ.ਅਰਵਿੰਦ ਨੇ ਕਿਹਾ ਕਿ ਪੰਜਾਬੀ ਬੋਲੀ ਤਾਂ ਹਰ ਹੀਲੇ ਜਿਊਂਦੀ ਰਹੇਗੀ, ਜੇ ਅਸੀਂ ਇਸ ਨੂੰ ਸਮੇਂ ਦੇ ਹਾਣ ਦੀ ਬਣਾਉਣ ਵਿੱਚ ਕੁੱਝ ਹਿੱਸਾ ਪਾਵਾਂਗੇ, ਤਾਂ ਇਹ ਹੋਰ ਵੀ ਲਾਹੇਵੰਦ ਰਹੇਗਾ। ਗੌਰਤਲਬ ਹੈ ਕਿ ਵੀਸੀ ਵੱਲੋਂ ਕਈ ਥਾਈਂ ਪੰਜਾਬੀ ਦੇ ਅਧਿਆਪਕਾਂ ਦੀ ਅਸਾਮੀਆਂ ਹੀ ਖਾਲੀ ਹੋਣ ਦੇ ਬੇਬਾਕੀ ਨਾਲ਼ ਉਭਾਰੇ ਮੁੱਦੇ ਦੀ ਵੀ ਕਈ ਵਿਦਵਾਨਾ ਨੇ ਸਰਾਹਨਾ ਕੀਤੀ ਤੇ ਇਸ ਨੂੰ ਸਰਕਾਰ ਦਾ ਧਿਆਨ ਖਿੱੱਚਣ ਵਾਲ਼ੀ ਅਹਿਮ ਮੱਦ ਦੱਸੀ। ਇਸ ਮੌਕੇ ਸਾਹਿਤਕਾਰ ਪ੍ਰੋ. ਸੁਖਦੇਵ ਸਿੰਘ ਸਿਰਸਾ ਨੇ ਦਲੀਲ ਪੇਸ਼ ਕੀਤੀ ਕਿ ਜੇ ਪੰਜਾਬੀ ਲੇਖਣੀ ਦਾ ਖਾਸਾ ਨਾਬਰੀ ਰਿਹਾ ਹੈ, ਤਾਂ ਮੌਜੂਦਾ ਦੌਰ ਵਿਚ ਇਹ ਖਾਸਾ ਸਵਾਲਾਂ ਦੇ ਘੇਰੇ ਵਿੱਚ ਹੈ। ਜੇ ਮੁਸਲਮਾਨ ਘੱਟ ਗਿਣਤੀ ਹੋਣ ਕਾਰਨ ਹਕੂਮਤ ਦੀ ਚੋਟ ਉੱਤੇ ਹਨ ਅਤੇ ਪੰਜਾਬੀ ਲਿਖਤਾਂ ਵਿੱਚ ਇਸ ਜਬਰ ਦਾ ਜ਼ਿਕਰ ਮਨਫ਼ੀ ਹੈ, ਤਾਂ ਇਹ ਸਾਡੀ ਨਾਬਰੀ ਉੱਤੇ ਅਜਿਹਾ ਸਵਾਲ ਹੈ, ਜਿਸ ਤੋਂ ਪਾਸਾ ਨਹੀਂ ਵੱਟਿਆ ਜਾ ਸਕਦਾ। ਕਾਨਫ਼ਰੰਸ ਦੇ ਡਾਇਰੈਕਟਰ ਭੀਮ ਇੰਦਰ ਸਿੰਘ ਨੇ ਕਾਨਫ਼ਰੰਸ ਦੀ ਇਸ ਪਹਿਲਕਦਮੀ ਨੂੰ ਜਾਰੀ ਰੱਖਣ ਦਾ ਵਾਅਦਾ ਕੀਤਾ। ਕੋ ਕੋਆਰਡੀਨੇਟਰ ਵਜੋਂ ਡਾ.ਰਾਜਵਿੰਦਰ ਢੀਂਡਸਾ ਨੇ ਪੇਸ਼ ਕੀਤੀ ਸਮੁੱਚੀ ਕਾਨਫਰੰਸ ਦੀ ਰਿਪੋਰਟ ਵਿੱਚ ਪੰਜਾਬੀ ਭਾਸ਼ਾ ਨੂੰ ਸਮੇਂ ਦੀ ਹਾਣੀ ਬਣਾਉਣ ਲਈ ਆਧੁਨਿਕ ਤਕਨੀਕ ਸਮੇਤ ਹੋਰ ਸਾਧਨਾਂ ਦਾ ਲਾਹਾ ਲੈਣ ਦੀ ਗੱਲ ਵੀ ਕੀਤੀ। ਇਸ ਮੌਕੇ ਰਾਜਿੰਦਰ ਚਹਿਲ ਵੱਲੋਂ ਅਗਲੀ ਕਾਨਫਰੰਸ ਧਨਬਾਦ (ਝਾਰਖੰਡ) ਵਿੱਚ ਕਵਰਾਉਣ ਦੀ ਪੇਸ਼ਕਸ਼ ਕੀਤੀ।