ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 12 ਜੁਲਾਈ
ਇੱਥੋਂ ਦੀ ਲਕਸ਼ਮੀ ਮਾਰਕੀਟ ਵਿੱਚ ਅੱਜ ਦੇਰ ਸ਼ਾਮ ਪ੍ਰੈੱਸ ਦਫ਼ਤਰ ਦੇ ਬਾਹਰ ਪੱਤਰਕਾਰ ਦੀਪਕ ਕੁਮਾਰ ਉੱਪਰ ਕਾਰ ਚੜ੍ਹਾ ਕੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ’ਚ ਉਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਅਤੇ ਘਟਨਾ ’ਚ ਦੋ ਮੋਟਰਸਾਈਕਲ ਵੀ ਨੁਕਸਾਨੇ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਕਰੀਬ 5 ਵਜੇ ਲਕਸ਼ਮੀ ਮਾਰਕੀਟ ’ਚ ਇੱਕ ਚਿੱਟੇ ਰੰਗ ਦੀ ਸਕੌਡਾ ਕਾਰ (ਸੀਐੱਚ-01 ਏਐੱਫ-0066) ਸ਼ੱਕੀ ਹਾਲਤ ਵਿੱਚ ਇੱਧਰ-ਉੱਧਰ ਘੁੰਮ ਰਹੀ ਸੀ। ਪੱਤਰਕਾਰ ਦੀਪਕ ਕੁਮਾਰ ਪ੍ਰੈੱਸ ਦਫ਼ਤਰ ਦੇ ਬਾਹਰ ਖੜ੍ਹਾ ਸੀ ਤਾਂ ਅਚਾਨਕ ਕਾਰ ਚਾਲਕ ਨੇ ਉਸ ਉੱਪਰ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਹਾਦਸੇ ’ਚ ਪੱਤਰਕਾਰ ਦੀਪਕ ਕੁਮਾਰ ਸੜਕ ’ਤੇ ਜਾ ਡਿੱਗਿਆ। ਊਸ ਦੇ ਮਾਮੂਲੀ ਸੱਟਾਂ ਵੱਜੀਆਂ ਅਤੇ ਇਸ ਦੌਰਾਨ ਦੋ ਮੋਟਰਸਾਈਕਲ ਵੀ ਨੁਕਸਾਨੇ ਗਏ। ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਦਾ ਦਫ਼ਤਰ ’ਚ ਬੈਠੇ ਬਾਕੀ ਪੱਤਰਕਾਰਾਂ ਨੇ ਪਿੱਛਾ ਵੀ ਕੀਤਾ ਪਰ ਊਹ ਕਾਬੂ ਨਾ ਆਏ। ਲਕਸ਼ਮੀ ਮਾਰਕੀਟ ’ਚ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਕਾਰ ਦੇ ਨੰਬਰ ਦੀ ਪਛਾਣ ਕਰਕੇ ਪ੍ਰੈੱਸ ਕਲੱਬ ਮਾਛੀਵਾੜਾ ਨੇ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪ੍ਰੈੱਸ ਕਲੱਬ ਦੇ ਸਮੂਹ ਅਹੁਦੇਦਾਰਾਂ ਨੇ ਪੁਲੀਸ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੱਤਰਕਾਰ ’ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।