ਗਗਨ ਅਰੋੜਾ
ਲੁਧਿਆਣਾ, 24 ਜੂਨ
ਸ਼ਹਿਰ ਦੇ ਥਾਣਾ ਬਸਤੀ ਜੋਧੇਵਾਲ ’ਚ ਅੱਜ ਦੁਪਹਿਰ ਕਤਲ ਦੇ ਮਾਮਲੇ ’ਚ ਕਵਰੇਜ ਲਈ ਗਏ ਪੱਤਰਕਾਰਾਂ ਨੂੰ ਥਾਣੇ ਦੇ ਪੁਲੀਸ ਮੁਲਾਜ਼ਮਾਂ ਨੇ ਬੰਦੀ ਬਣਾ ਲਿਆ। ਸੂਚਨਾ ਮਿਲਦੇ ਹੀ ਸ਼ਹਿਰ ਦੇ ਸਾਰੇ ਪੱਤਰਕਾਰ ਥਾਣਾ ਬਸਤੀ ਜੋਧੇਵਾਲ ਪੁੱਜ ਗਏ। ਪੁਲੀਸ ਨੇ ਪੱਤਰਕਾਰਾਂ ਨੂੰ ਥਾਣੇ ਦੇ ਅੰਦਰ ਬੁਲਾਉਣ ਦੀ ਬਜਾਏ ਉਨ੍ਹਾਂ ਨਾਲ ਵੀ ਬੁਰਾ ਵਿਹਾਰ ਕੀਤਾ ਤੇ ਕਾਫ਼ੀ ਸਮੇਂ ਤੱਕ ਬਾਹਰ ਖੜ੍ਹਾਈ ਰੱਖਿਆ।
ਜਾਣਕਾਰੀ ਅਨੁਸਾਰ ਅੱਜ ਦੁਪਹਿਰੇ ਨਿੱਜੀ ਚੈਨਲ ਦੇ ਦੋ ਪੱਤਰਕਾਰ ਥਾਣਾ ਬਸਤੀ ਜੋਧੇਵਾਲ ’ਚ ਕਵਰੇਜ ਕਰਨ ਲਈ ਗਏ ਸਨ। ਕਵਰੇਜ ਮਗਰੋਂ ਜਦੋਂ ਉਹ ਬਾਹਰ ਆਉਣ ਲੱਗੇ ਤਾਂ ਉਨ੍ਹਾਂ ਨੇ ਥਾਣੇ ਦੀ ਹਵਾਲਾਤ ’ਚ ਡੱਕੇ 15 ਲੋਕਾਂ ਦੀ ਵੀਡੀਓ ਬਣਾ ਲਈ। ਉਨ੍ਹਾਂ ਨੂੰ ਵੀਡੀਓ ਬਣਾਉਂਦਿਆਂ ਦੇਖ ਕੇ ਥਾਣਾ ਬਸਤੀ ਜੋਧੇਵਾਲ ਦੇ ਮੁਲਾਜ਼ਮਾਂ ਨੂੰ ਗੱਸਾ ਆ ਗਿਆ ਅਤੇ ਉਨ੍ਹਾਂ ਨੇ ਦੋਵਾਂ ਪੱਤਰਕਾਰਾਂ ਤੋਂ ਕੈਮਰੇ ਖੋਹ ਲਏ ਤੇ ਉਨ੍ਹਾਂ ਥਾਣੇ ਦੇ ਅੰਦਰ ਹੀ ਬੰਦੀ ਬਣਾ ਲਿਆ। ਇੰਨਾ ਹੀ ਨਹੀਂ ਪੁਲੀਸ ਮੁਲਾਜ਼ਮਾਂ ਦੋਵਾਂ ਪੱਤਰਕਾਰਾਂ ਤੋਂ ਸਾਰਾ ਸਾਮਾਨ ਵੀ ਰੱਖਵਾ ਲਿਆ ਪਰ ਕਿਸੇ ਤਰ੍ਹਾਂ ਉਨ੍ਹਾਂ ਨੇ ਜਾਣਕਾਰੀ ਸਾਥੀਆਂ ਤੱਕ ਪੁੱਜਦੀ ਕੀਤੀ, ਜਿਸ ਮਗਰੋਂ ਪੱਤਰਕਾਰ ਭਾਈਚਾਰਾ ਮੌਕੇ ’ਤੇ ਪੁੱਜ ਗਿਆ। ਮੁਲਾਜ਼ਮਾਂ ਨੇ ਉਨ੍ਹਾਂ ਨੂੰ ਵੀ ਥਾਣੇ ਦੇ ਅੰਦਰ ਨਾ ਜਾਣ ਦਿੱਤਾ ਤੇ ਬੁਰਾ ਵਿਹਾਰ ਕੀਤਾ।
ਇਸੇ ਦੌਰਾਨ ਏ.ਸੀ.ਪੀ. ਗੁਰਵਿੰਦਰ ਸਿੰਘ ਤੇ ਥਾਣਾ ਇੰਚਾਰਜ ਤੁਰੰਤ ਮੌਕੇ ’ਤੇ ਪੁੱਜੇ ਤੇ ਕਿਸੇ ਤਰ੍ਹਾਂ ਪੱਤਰਕਾਰਾਂ ਨੂੰ ਸ਼ਾਂਤ ਕੀਤਾ ਤੇ ਉੱਚ ਅਧਿਕਾਰੀਆਂ ਤੋਂ ਕਾਰਵਾਈ ਦਾ ਭਰੋਸਾ ਵੀ ਦਿੱਤਾ। ਏ.ਸੀ.ਪੀ. ਗੁਰਵਿੰਦਰ ਸਿੰਘ ਮੁਤਾਬਕ ਦੋਵੇਂ ਪੱਖਾਂ ਵੱਲੋਂ ਹੋਈ ਗਲਤੀ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਹੋਇਆ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।