ਪਟਿਆਲਾ (ਖੇਤਰੀ ਪ੍ਰਤੀਨਿਧ):
ਇੱਥੋਂ ਦੇ ਕਸਬਾ ਭਾਦਸੋਂ ਤੋਂ ‘ਪੰਜਾਬੀ ਟ੍ਰਿਬਿਊਨ’ ਦੇ ਪੱਤਰਕਾਰ ਹਰਦੀਪ ਸਿੰਘ ਭੰਗੂ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਪੱਤਰਕਾਰਾਂ ਸਣੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ। ਗੁਰਦਿਆਂ ਦੀ ਬਿਮਾਰੀ ਕਾਰਨ ਉਹ ਸਾਲ ਭਰ ਤੋਂ ਬਿਮਾਰ ਸਨ। ਪੁੱਤ ਦੀ ਲੰਮੇਰੀ ਉਮਰ ਖਾਤਰ ਉਨ੍ਹਾਂ ਦੇ ਮਾਤਾ ਨੇ ਕਈ ਮਹੀਨੇ ਪਹਿਲਾਂ ਆਪਣਾ ਗੁਰਦਾ ਵੀ ਉਨ੍ਹਾਂ ਨੂੰ ਦਿੱਤਾ ਸੀ। ਇਸੇ ਦੌਰਾਨ ਜ਼ਿਲ੍ਹੇ ਭਰ ਦੇ ਪੱਤਰਕਾਰਾਂ ਨੇ ਹਰਦੀਪ ਸਿੰਘ ਭੰਗੂ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਇਲਾਕੇ ਦੀਆਂ ਕਈ ਰਾਜਸੀ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਸਣੇ ਕਿਸਾਨ ਆਗੂਆਂ ਨੇ ਭੰਗੂ ਦੀ ਮੌਤ ’ਤੇ ਦੁੱਖ ਪ੍ਰਗਟਾਇਆ। ਹਰਦੀਪ ਭੰਗੂ ਦੀ ਪਤਨੀ ਸਰਕਾਰੀ ਨੌਕਰੀ ਕਰਦੇ ਹਨ ਤੇ ਉਨ੍ਹਾਂ ਦਾ ਇਕਲੌਤਾ ਪੁੱਤਰ ਬੀਟੈੱਕ ਕਰ ਰਿਹਾ ਹੈ। ਫਰਵਰੀ ’ਚ ਉਨ੍ਹਾਂ ਦੀ ਮਾਤਾ ਨੇ ਆਪਣਾ ਗੁਰਦਾ ਉਨ੍ਹਾਂ ਨੂੰ ਦਿੱਤਾ ਸੀ। ਇਸ ਮਗਰੋਂ ਭਾਵੇਂ ਦੋ ਕੁ ਮਹੀਨੇ ਤਾਂ ਹਰਦੀਪ ਭੰਗੂ ਬਿਲਕੁਲ ਠੀਕ ਰਹੇ, ਪਰ ਮਗਰੋਂ ਉਨ੍ਹਾਂ ਦੇ ਹੱਥ ਅਤੇ ਪੈਰ ਕੰਮ ਕਰਨੋਂ ਹਟ ਗਏ ਤੇ ਅਖੀਰ ਉਨ੍ਹਾਂ ਦੀ ਮੌਤ ਹੋ ਗਈ।