ਦਰਸ਼ਨ ਸਿੰਘ ਸੋਢੀ
ਮੁਹਾਲੀ, 23 ਸਤੰਬਰ
ਮੁਹਾਲੀ ਦੇ ਵਸਨੀਕ ਅਤੇ ਸੀਨੀਅਰ ਪੱਤਰਕਾਰ ਕੇਜੇ ਸਿੰਘ ਕਤਲ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੁਲਜ਼ਮ ਗੌਰਵ ਦੀ ਕੱਚੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ। ਇਸ ਮਾਮਲੇ ਗ੍ਰਿਫ਼ਤਾਰ ਮੁਲਜ਼ਮ ਗੌਰਵ ਕੁਮਾਰ ਨੇ ਆਪਣੇ ਵਕੀਲ ਨਵੀਨ ਸੈਣੀ ਰਾਹੀਂ ਮੈਡੀਕਲ ਅਧਾਰ ਨੂੰ ਆਧਾਰ ਬਣਾ ਕੇ ਹਾਈ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਬਚਾਅ ਪੱਖ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਮੁਵੱਕਿਲ ਗੌਰਵ ਪਿਛਲੇ ਦੋ ਸਾਲ ਅਤੇ 10 ਮਹੀਨੇ ਤੋਂ ਜੇਲ੍ਹ ਵਿੱਚ ਹੈ। ਬਿਮਾਰ ਹੋਣ ਕਾਰਨ ਇਲਾਜ ਬਹੁਤ ਜ਼ਰੂਰੀ ਹੈ। ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਦੇ ਸਿਰ ਵਿੱਚ ਦਰਦ ਹੋਣ ਤੋਂ ਬਾਅਦ ਉਸ ਨੂੰ ਇਕ ਕੰਨ ਤੋਂ ਸੁਣਨਾ ਬੰਦ ਹੋ ਗਿਆ ਹੈ। ਕਰੋਨਾ ਮਹਾਮਾਰੀ ਕਾਰਨ ਰੋਜ਼ ਜਾਂ ਰੁਟੀਨ ਵਿੱਚ ਜੇਲ੍ਹ ਤੋਂ ਹਸਪਤਾਲ ਵਿੱਚ ਜਾ ਕੇ ਇਲਾਜ ਕਰਵਾਉਣਾ ਸੰਭਵ ਨਹੀਂ ਹੈ। ਇਸ ਲਈ ਮੁਲਜ਼ਮ ਦੀ ਜ਼ਮਾਨਤ ਮਨਜੂਰ ਕੀਤੀ ਜਾਵੇ। ਅਦਾਲਤ ਨੇ ਬਚਾਅ ਪੱਖ ਦੀਆਂ ਨਾਲ ਸਹਿਮਤ ਹੁੰਦਿਆਂ ਮੁਲਜ਼ਮ ਗੌਰਵ ਕੁਮਾਰ ਦੀ ਤਿੰਨ ਮਹੀਨੇ ਲਈ ਕੱਚੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਅਦਾਲਤ ਨੇ ਮੁਲਜ਼ਮ ਨੂੰ ਤਿੰਨ ਮਹੀਨੇ ਤੱਕ ਇਲਾਜ ਮਗਰੋਂ ਮੁੜ ਜੇਲ੍ਹ ਵਿੱਚ ਜਾਣ ਦੇ ਹੁਕਮ ਜਾਰੀ ਕੀਤੇ ਹਨ।