ਪੱਤਰ ਪ੍ਰੇਰਕ
ਮਾਛੀਵਾੜਾ, 3 ਜੂਨ
ਪੱਤਰਕਾਰ ਪਰਵਿੰਦਰ ਸਿੰਘ (36) ਵਾਸੀ ਪਿੰਡ ਸਿਕੰਦਰਪੁਰ ਦਾ ਬੀਤੇ ਦਿਨੀਂ ਕੈਂਸਰ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਜੱਦੀ ਪਿੰਡ ਸਿਕੰਦਰਪੁਰ ਮੰਡ ਵਿੱਚ ਕੀਤਾ ਗਿਆ। ਉਹ ਪਿਛਲੇ ਲੰਮੇ ਸਮੇਂ ਤੋਂ ਅਜੀਤ ਅਖ਼ਬਾਰ ਵਿੱਚ ਉਪ ਸੰਪਾਦਕ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਕਰੀਬ ਡੇਢ ਸਾਲ ਪਹਿਲਾਂ ਉਨ੍ਹਾਂ ਨੂੰ ਮਾਮੂਲੀ ਜਿਹਾ ਬੁਖਾਰ ਚੜ੍ਹਿਆ ਸੀ ਪਰ ਉਹ ਮੁੜ ਕੇ ਤੰਦਰੁਸਤ ਨਾ ਹੋ ਸਕੇ। ਉਨ੍ਹਾਂ ਦਾ ਪੀਜੀਆਈ ਚੰਡੀਗੜ੍ਹ ਤੋਂ ਇਲਾਜ ਚੱਲ ਰਿਹਾ ਸੀ। ਉਹ ਤਿੰਨ ਭੈਣਾਂ ਦੇ ਇਕਲੌਤੇ ਭਰਾ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਮਾਤਾ-ਪਿਤਾ ਸਮੇਤ ਪਤਨੀ ਤੇ ਦੋ ਬੱਚੇ ਹਨ। ਪਰਵਿੰਦਰ ਸਿੰਘ ਨਮਿਤ ਪਾਠ ਦਾ ਭੋਗ 10 ਜੂਨ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਪਿੰਡ ਸਿਕੰਦਰਪੁਰ ਵਿੱਚ ਪਵੇਗਾ।