ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਜੁਲਾਈ
ਪ੍ਰੈੱਸ ਟਰੱਸਟ ਆਫ ਇੰਡੀਆ (ਪੀਟੀਆਈ) ਅਤੇ ਪ੍ਰਸਾਰ ਭਾਰਤੀ ਦਰਮਿਆਨ ਪੈਦਾ ਹੋਈ ਤਕਰਾਰ ਮਗਰੋਂ ਚੰਡੀਗੜ੍ਹ ਆਧਾਰਿਤ ਮੀਡੀਆ ਜਥੇਬੰਦੀਆਂ ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ, ਨੈਸ਼ਨਲ ਯੂਨੀਅਨ ਆਫ ਜਰਨਲਿਸਟਸ (ਇੰਡੀਆ), ਇੰਡੀਅਨ ਜਰਨਲਿਸਟਸ ਯੂਨੀਅਨ, ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਚੰਡੀਗੜ੍ਹ ਪੰਜਾਬ ਯੂਨੀਅਨ ਆਫ ਜਰਨਲਿਸਟਸ, ਚੰਡੀਗੜ੍ਹ ਜਰਨਲਿਸਟਸ ਐਸੋਸੀਏਸ਼ਨ, ਇੰਡੀਅਨ ਐਕਸਪ੍ਰੈੱਸ ਐਂਪਲਾਈਜ਼ ਯੂਨੀਅਨ ਅਤੇ ਯੂਐੱਨਆਈ ਐਂਪਲਾਈਜ਼ ਯੂਨੀਅਨ ਨੇ ਮੀਡੀਆ ਅਦਾਰਿਆਂ ਨੂੰ ਬਚਾਊਣ (ਸੇਵ ਮੀਡੀਆ ਗਰੁੱਪ) ਲਈ ਹੱਥ ਮਿਲਾਏ ਹਨ। ਜਥੇਬੰਦੀਆਂ ਦੇ ਆਗੂਆਂ ਨੇ ਆਖਿਆ ਕਿ ਲੱਦਾਖ ਵਿੱਚ ਭਾਰਤ-ਚੀਨ ਦੇ ਸਰਹੱਦੀ ਰੇੜਕੇ ਬਾਰੇ ਪ੍ਰਸਾਰ ਭਾਰਤੀ ਵੱਲੋਂ ਪੀਟੀਆਈ ਨੂੰ ਕਵਰੇਜ ਸਬੰਧੀ ਪੱਤਰ ਜਾਰੀ ਕਰਨਾ ਮੀਡੀਆ ਦੀ ਆਜ਼ਾਦੀ ’ਤੇ ਹਮਲਾ ਹੈ ਅਤੇ ਇਸ ਨਾਲ ਹਜ਼ਾਰਾਂ ਪੱਤਰਕਾਰਾਂ ਤੇ ਗੈਰ-ਪੱਤਰਕਾਰ ਮੁਲਾਜ਼ਮਾਂ ਦੇ ਭਰੋਸੇ ਨੂੰ ਸੱਟ ਵੱਜਣੀ ਸੁਭਾਵਿਕ ਹੈ। ਉਨ੍ਹਾਂ ਆਖਿਆ ਕਿ ਪੀਟੀਆਈ ਇੱਕ ਪੁਰਾਣਾ, ਪ੍ਰਮਾਣਿਕ ਤੇ ਭਰੋਸੇਯੋਗ ਮੀਡੀਆ ਅਦਾਰਾ ਹੈ, ਜੋ ਆਪਣੀਆਂ ਖ਼ਬਰਾਂ ਵਿੱਚ ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਉਨ੍ਹਾਂ ਆਖਿਆ ਕਿ ਚੀਨ ਦੇ ਦੂਤਾਵਾਸ ਨਾਲ ਇੰਟਰਵਿਊ ਇੰਟਰਵਿਊ ਲਈ ਪੀਟੀਆਈ ’ਤੇ ਤਰਫ਼ਦਾਰੀ ਦੇ ਦੋਸ਼ ਲਾਉਣਾ ਬੇਹੱਦ ਮੰਦਭਾਗਾ ਹੈ।
ਉਨ੍ਹਾਂ ਆਖਿਆ ਕਿ ਪੀਟੀਆਈ ਨੂੰ ਆਪਣੀ ਬੇਦਾਗ ਰਿਪੋਰਟਿੰਗ ਰਾਹੀਂ ਦੇਸ਼ ਦੀ ਸੇਵਾ ਜਾਰੀ ਰੱਖਣੀ ਚਾਹੀਦੀ ਹੈ ਅਤੇ ਸਬੰਧਤ ਧਿਰਾਂ ਨੂੰ ਇਹ ਮਾਮਲਾ ਇਹ ਮਿੱਲ-ਬੈਠ ਕੇ ਹੱਲ ਕਰਨਾ ਚਾਹੀਦਾ ਹੈ। ਇਸ ਮੌਕੇ ਅਨਿਲ ਗੁਪਤਾ, ਰੁਚਿਕਾ ਐੱਮ. ਖੰਨਾ, ਅਸ਼ੋਕ ਮਲਿਕ, ਜਿਤੇਂਦਰ ਅਵਸਥੀ, ਵਿਨੋਦ ਕੋਹਲੀ, ਬਲਵਿੰਦਰ ਜੰਮੂ, ਜੈ ਸਿੰਘ ਛਿੱਬਰ, ਬਿੰਦੂ ਸਿੰਘ, ਨਵੀਨ ਸ਼ਰਮਾ, ਅਮਰ ਨਾਥ ਵਸ਼ਿਸ਼ਟ, ਰਾਜ ਕੁਮਾਰ ਸ੍ਰੀਵਾਸਤਵ, ਸੁਨੀਲ ਕੁਮਾਰ ਸੈਣੀ ਤੇ ਗੁਰਮੀਤ ਸਿੰਘ ਹਾਜ਼ਰ ਸਨ।