ਰਾਮ ਸਰਨ ਸੂਦ
ਅਮਲੋਹ, 14 ਜੁਲਾਈ
ਇੱਥੋਂ ਦੀ ਜੱਜ ਕਲੋਨੀ ਦੇ ਵਸਨੀਕਾਂ ਦਾ ਇੱਕ ਵਫ਼ਦ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੂੰ ਮਿਲਿਆ ਅਤੇ ਮੁਹੱਲੇ ਦੀ ਤਰਸਯੋਗ ਹਾਲਤ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਇੱਥੇ ਕਲੋਨੀ ਦੀਆਂ ਗਲੀਆਂ ਕੱਚੀਆਂ ਹਨ, ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ, ਸਟਰੀਟ ਲਾਈਟਾਂ ਜਾਂ ਸ਼ੁੱਧ ਪਾਣੀ ਦੀ ਵੀ ਸਹੂਲਤ ਨਹੀਂ ਹੈ। ਸ੍ਰੀ ਰਾਜੂ ਖੰਨਾ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਘਰਾਂ ਅੰਦਰ ਸੇਮ ਆਉਣ ਨਾਲ ਤਰੇੜਾਂ ਪੈ ਗਈਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇੱਕ ਹਫ਼ਤੇ ਵਿੱਚ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਉਹ ਐੱਸਡੀਐੱਮ ਅਤੇ ਕੌਂਸਲ ਦਫ਼ਤਰ ਦਾ ਘਿਰਾਓ ਕਰਨਗੇ। ਵਿਧਾਇਕ ਰਣਦੀਪ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੇ ਨਿੱਜੀ ਸਕੱਤਰ ਰਾਮ ਕ੍ਰਿਸ਼ਨ ਭੱਲਾ ਨੇ ਕਿਹਾ ਕਿ ਇਹ ਕਲੋਨੀ ਅਮਲੋਹ ਕੌਂਸਲ ਅਧੀਨ ਨਹੀਂ ਹੈ। ਉਨ੍ਹਾਂ ਕਿਹਾ ਕਿ ਬਰਸਾਤ ਕਾਰਨ ਪੈਦਾ ਹੋਈ ਸਮੱਸਿਆ ਦਾ ਹੱਲ ਕਰਵਾਇਆ ਜਾ ਰਿਹਾ ਹੈ।