ਇਕਬਾਲ ਸਿੰਘ ਸ਼ਾਂਤ
ਲੰਬੀ, 8 ਦਸੰਬਰ
ਕਿੱਲਿਆਂਵਾਲੀ ਚੌਕੀ ’ਚ ਬੀਤੇ ਦਿਨ ਜਾਨ ਗੁਆਉਣ ਵਾਲੇ ਮੋਹਨ ਲਾਲ ਭਾਊ ਦਾ ਪਰਿਵਾਰ ਅੱਜ ਇਨਸਾਫ ਲਈ ਸਾਰਾ ਦਿਨ ਘੁੰਮਣਘੇਰੀ ਵਿੱਚ ਫਸਿਆ ਰਿਹਾ। ਮੌਤ ਦੇ ਕਥਿਤ ਜ਼ਿੰਮੇਵਾਰ ਚਾਰ ਪੁਲੀਸ ਮੁਲਾਜ਼ਮਾਂ ਖਿਲਾਫ ਕਾਰਵਾਈ ਨਿਆਂਇਕ ਜਾਂਚ ’ਤੇ ਨਿਰਭਰ ਹੋ ਗਈ ਹੈ। ਵਾਰਸਾਂ ਵੱਲੋਂ ਅੱਜ ਲੰਬੀ ਥਾਣੇ ਅੱਗੇ ਧਰਨਾ ਲਾਉਣ ਮਗਰੋਂ ਮੀਟਿੰਗ ਹੋਈ ਪਰ ਵਾਰਸਾਂ ਅਤੇ ਪੁਲੀਸ ਦੇ ਆਪਾ ਵਿਰੋਧੀ ਬਿਆਨ ਪੁਲੀਸ ਕਾਰਵਾਈ ’ਤੇ ਖਦਸ਼ੇ ਦਰਸਾਉਂਦੇ ਰਹੇ। ਮ੍ਰਿਤਕ ਦੇ ਵਾਰਸਾਂ ਅਨੁਸਾਰ ਮੀਟਿੰਗ ਵਿੱਚ ਉਨ੍ਹਾਂ ਨੂੰ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਚਾਰ ਮੁਲਾਜ਼ਮਾਂ ਖਿਲਾਫ਼ ਧਾਰਾ 302, 323 ਅਤੇ ਸੀ.ਆਰ.ਪੀ.ਸੀ ਧਾਰਾ 176 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਇਸ ਦੀ ਕਾਪੀ ਜਲਦੀ ਦੇ ਦਿੱਤੀ ਜਾਵੇਗੀ। ਪਰ ਮ੍ਰਿਤਕ ਦੇ ਭਤੀਜੇ ਸੋਨੂੰ ਅਤੇ ਰਿਸ਼ਤੇਦਾਰ ਪੰਕਜ ਬਾਂਸਲ ਨੇ ਦੱਸਿਆ ਕਿ ਐੱਫਆਈਆਰ ਦੀ ਕਾਪੀ ਦੇਣ ਦੀ ਜਗ੍ਹਾ ਪੁਲੀਸ ਉਨਾਂ ਨੂੰ ਬਿਆਨ ਦਰਜ ਕਰਵਾਉਣ ਲਈ ਜੱਜ ਕੋਲ ਮਲੋਟ ਲੈ ਗਈ।
ਇਸ ਤੋਂ ਪਹਿਲਾਂ ਮ੍ਰਿਤਕ ਦੇ ਰਿਸ਼ਤੇਦਾਰ ਸਾਰਾ ਦਿਨ ਥਾਣੇ ਦਾ ਘਿਰਾਓ ਕਰਕੇ ਪੁਲੀਸ ਮੁਲਾਜ਼ਮਾਂ ’ਤੇ ਹੱਤਿਆ ਦਾ ਕੇਸ ਦਰਜ ਕਰਨ ਦੀ ਮੰਗ ’ਤੇ ਅੜੇ ਰਹੇ। ਇਸ ਦੌਰਾਨ ਐੱਸਪੀ (ਡੀ) ਰਾਜਪਾਲ ਸਿੰਘ ਹੁੰਦਲ, ਡੀਐੱਸਪੀ ਜਸਪਾਲ ਸਿੰਘ ਅਤੇ ਥਾਣਾ ਮੁਖੀ ਕਰਨਬੀਰ ਬਾਬਾ ਮ੍ਰਿਤਕ ਦੇ ਵਾਰਸਾਂ ਨੂੰ ਆਗਾਮੀ ਕਾਰਵਾਈ ਲਈ ਮਨਾਉਂਦੇ ਰਹੇ। ਆਖ਼ਰ ਪੁਲੀਸ ਨਿਆਂਇਕ ਜਾਂਚ ਕਰਵਾਉਣ ’ਚ ਸਫ਼ਲ ਹੋਈ। ਜਦੋਂਕਿ ਮ੍ਰਿਤਕ ਦੇ ਵਾਰਸ ਮਲੋਟ ਵਿੱਚ ਬਿਆਨ ਦੇਣ ਜਾਣ ਤੱਕ ਹੱਤਿਆ ਦਾ ਕੇਸ ਦਰਜ ਹੋਣ ਦੇ ਭੁਲੇਖੇ ਵਿੱਚ ਰਹੇ। ਆਖਰ ਦੇਰ ਸ਼ਾਮ ਪੁਲੀਸ ਪੀੜਤ ਧਿਰ ਦੇ ਚਸ਼ਮਦੀਦ ਗਵਾਹਾਂ ਅਤੇ 10-12 ਹੋਰ ਵਿਅਕਤੀਆਂ ਨੂੰ ਸੀਆਰਪੀਸੀ ਧਾਰਾ 176 ਤਹਿਤ ਬਿਆਨ ਦਰਜ ਕਰਵਾਉਣ ਲਈ ਮਲੋਟ ਰਵਾਨਾ ਹੋ ਗਈ। ਉਥੇ ਜੱਜ ਸ਼ਿਵਾਨੀ ਦੀ ਅਦਾਲਤ ’ਚ ਦੋਵੇਂ ਧਿਰਾਂ ਦੇ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ।
ਇਸ ਤੋਂ ਪਹਿਲਾਂ ਲੰਬੀ ਵਿੱਚ ਖੇਤੀ ਬਿੱਲਾਂ ਖ਼ਿਲਾਫ਼ ਕਿਸਾਨ ਧਰਨੇ ਦੀ ਸਟੇਜ ਤੋਂ ਜਨਤਕ ਜਥੇਬੰਦੀਆਂ ਨੇ ਮ੍ਰਿਤਕ ਦੇ ਪਰਿਵਾਰ ਦੀ ਹਮਾਇਤ ’ਚ ਡਟਣ ਦਾ ਐਲਾਨ ਕੀਤਾ। ਐੱਸਪੀ (ਡੀ) ਰਾਜਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਮਾਮਲੇ ਵਿੱਚ ਨਿਆਂਇਕ ਜਾਂਚ ਸ਼ੁਰੂ ਹੋ ਗਈ ਹੈ।