ਪੱਤਰ ਪ੍ਰੇਰਕ
ਬਨੂੜ, 24 ਅਪਰੈਲ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੁਗਾੜੂ ਰੇਹੜੀਆਂ ਨੂੰ ਜ਼ਬਤ ਕਰਨ ਦੇ ਨਿਰਦੇਸ਼ਾਂ ਉੱਤੇ ਰੋਕ ਲਾਉਣ ਤੋਂ ਰੇਹੜੀਆਂ ਵਾਲੇ ਬਾਗ਼ੋ-ਬਾਗ਼ ਹਨ। ਬਨੂੜ ਵਿੱਚ ਖੜ੍ਹਦੀਆਂ ਦਰਜਨਾਂ ਰੇਹੜੀਆਂ ਦੇ ਚਾਲਕਾਂ ਵੱਲੋਂ ਅੱਜ ਸ਼ਹਿਰ ਵਿੱਚ ਇਕੱਤਰਤਾ ਕਰ ਕੇ ਲੱਡੂ ਵੰਡੇ ਗਏ ਅਤੇ ਸ਼ਹਿਰ ਵਿੱਚ ਰੈਲੀ ਕੱਢੀ ਗਈ। ਇਸ ਮੌਕੇ ਰੇਹੜੀਆਂ ਵਾਲਿਆਂ ਨੇ ਆਮ ਆਦਮੀ ਪਾਰਟੀ ਸਰਕਾਰ ਦੇ ਹੱਕ ਵਿੱਚ ਨਾਅਰੇ ਵੀ ਲਗਾਏ।
ਰੇਹੜੀਆਂ ਵਾਲਿਆਂ ਦੀ ਇਕੱਤਰਤਾ ਵਿੱਚ ਆਪ ਦੇ ਬਲਾਕ ਪ੍ਰਧਾਨ ਸਿਕੰਦਰ ਸਿੰਘ ਬਨੂੜ, ਗੁਲਾਮ ਮੁਸਤਫਾ ਤੇ ਬਲੀ ਸਿੰਘ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਗ਼ਰੀਬ ਵਰਗ ਦੀ ਭਲਾਈ ਲਈ ਕੰਮ ਕਰਨ ਵਾਲੀ ਪਾਰਟੀ ਹੈ ਤੇ ਉਹ ਗ਼ਰੀਬ ਵਿਰੋਧੀ ਕੋਈ ਵੀ ਫ਼ੈਸਲਾ ਨਹੀਂ ਹੋਣ ਦੇਵੇਗੀ। ਉਨ੍ਹਾਂ ਰੇਹੜੀਆਂ ਵਾਲਿਆਂ ਨੂੰ ਬਿਨਾਂ ਕਿਸੇ ਡਰ ਭੈਅ ਤੋਂ ਆਪਣਾ ਕੰਮ ਕਰਨ ਲਈ ਆਖਦਿਆਂ ਕੋਈ ਵੀ ਦਿੱਕਤ ਆਉਣ ’ਤੇ ‘ਆਪ’ ਕਾਰਕੁਨਾਂ ਨਾਲ ਸੰਪਰਕ ਕਰਨ ਦਾ ਸੱਦਾ ਦਿੱਤਾ। ਰੇਹੜੀਆਂ ਵਾਲਿਆਂ ਨੇ ਇਸ ਮੌਕੇ ਆਪ ਆਗੂਆਂ ਦਾ ਸਵਾਗਤ ਕੀਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਗਰੀਬਾਂ ਦਾ ਰੁਜ਼ਗਾਰ ਬਚਾਉਣ ਲਈ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।