ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਜੂਨ
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਪੰਜਾਬ ਪੁਲੀਸ ਦੀ ਨੌਕਰੀ ਨੂੰ ਛੱਡ ਕੇ ਅੱਜ ਆਪਣੇ ਸੈਂਕੜੇ ਸਾਥੀਆਂ ਸਣੇ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ। ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਦਿੱਲੀ ਦੇ ਵਿਧਾਇਕ ਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਗੁਰਲਾਲ ਘਨੌਰ ਅਤੇ ਉਨ੍ਹਾਂ ਦੇ ਸਾਥੀਆਂ ਦਾ ਪਾਰਟੀ ਵਿੱਚ ਸਵਾਗਤ ਕੀਤਾ।
ਮਾਨ ਨੇ ਕਿਹਾ ਕਿ ਮੋਦੀ ਅਤੇ ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਖਿਡਾਰੀ, ਵਕੀਲ, ਪੱਤਰਕਾਰ ਅਤੇ ਸਮਾਜ ਦਾ ਹਰ ਵਰਗ ‘ਆਪ’ ਨਾਲ ਜੁੜ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਲਾਲ ਘਨੌਰ ਪੰਜਾਬ ਪੁਲੀਸ ’ਚ ਏਐੱਸਆਈ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਲੋਕਾਂ ਦੀ ਸੇਵਾ ਕਰਨ ਲਈ ਅੱਗੇ ਆਇਆ ਹੈ। ਸ੍ਰੀ ਚੱਢਾ ਨੇ ਗੁਰਲਾਲ ਦਾ ਸਵਾਗਤ ਕਰਦਿਆਂ ਕਿਹਾ ਕਿ ਗੁਰਲਾਲ ਕਬੱਡੀ ਦੀ ਤਰ੍ਹਾਂ ਰਾਜਨੀਤੀ ਦੇ ਮੈਦਾਨ ਵਿੱਚ ਵੀ ਵਿਰੋਧੀਆਂ ਨੂੰ ਚਿੱਤ ਕਰੇਗਾ। ਇਸ ਮੌਕੇ ਮਿੰਟੂ ਸਰਪੰਚ, ਕੈਪਟਨ ਦੀਦਾਰ ਸਿੰਘ, ਦਰਸ਼ਨ ਸਿੰਘ, ਬੱਗਾ ਸਿੰਘ ਸਮੇਤ ਹੋਰ ਵਿਅਕਤੀ ਪਾਰਟੀ ਵਿੱਚ ਸ਼ਾਮਲ ਹੋਏ।
ਗੁਰਲਾਲ ਘਨੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਖਿਡਾਰੀਆਂ ਦੇ ਸਨਮਾਨ ਵਾਲੀਆਂ ਨਹੀਂ ਹਨ। ਹਰਿਆਣਾ ਸੂਬੇ ਦੇ ਪ੍ਰਤੀਨਿੱਧ ਵਜੋਂ ਖੇਡਣ ’ਤੇ ਹਰਿਆਣਾ ਸਰਕਾਰ ਤਿੰਨ ਲੱਖ ਤੱਕ ਦਾ ਨਕਦ ਇਨਾਮ ਦਿੰਦੀ ਹੈ ਪਰ ਪੰਜਾਬ ਵਿੱਚ ਖਿਡਾਰੀ ਨੂੰ ਨਿਗੂਣੀ ਰਾਸ਼ੀ ਦੇ ਕੇ ਤੋਰ ਦਿੱਤਾ ਜਾਂਦਾ ਹੈ।
ਇਸ ਦੌਰਾਨ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ ਦਾ ਸੰਸਦ ਅਤੇ ਸੜਕਾਂ ’ਤੇ ਵਿਰੋਧ ਕਰੇਗੀ।