ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਜਲੰਧਰ/ਸ਼ਾਹਕੋਟ, 17 ਮਾਰਚ
ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਨੂੰ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਪੁਲੀਸ ਦੇ ਹੱਥ ਹਾਲੇ ਖਾਲੀ ਹਨ। ਸੂਤਰਾਂ ਅਨੁਸਾਰ ਪੁਲੀਸ ਨੇ ਨਾਭਾ ਜੇਲ੍ਹ ’ਚੋਂ ਦੋ ਗੈਂਗਸਟਰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਹਨ। ਇਨ੍ਹਾਂ ਦੇ ਨਾਮ ਗੈਂਗਸਟਰ ਫ਼ਤਹਿ ਤੇ ਕੁਸ਼ਲ ਚੌਧਰੀ ਦੱਸੇ ਜਾ ਰਹੇ ਹਨ ਪਰ ਪੁਲੀਸ ਨੇ ਅਜੇ ਤੱਕ ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ। ਉਧਰ ਸੰਦੀਪ ਨੰਗਲ ਅੰਬੀਆਂ ਦਾ ਹਾਲੇ ਪੋਸਟਮਾਰਟਮ ਵੀ ਨਹੀਂ ਕਰਵਾਇਆ ਗਿਆ। ਉਸ ਦੀ ਲਾਸ਼ ਨਕੋਦਰ ਦੇ ਸਿਵਲ ਹਸਪਤਾਲ ਵਿਚ ਪਈ ਹੈ। ਪਰਿਵਾਰਕ ਮੈਂਬਰਾਂ ਤੇ ਕਬੱਡੀ ਫੈਡਰੇਸ਼ਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸੰਦੀਪ ਦੇ ਕਾਤਲ ਫੜੇ ਨਹੀਂ ਜਾਂਦੇ, ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ। ਕਬੱਡੀ ਫੈਡਰੇਸ਼ਨਾਂ ਪਹਿਲਾਂ ਹੀ ਇਕ ਹਫ਼ਤੇ ਤੱਕ ਹੋਣ ਵਾਲੇ ਕਬੱਡੀ ਟੂਰਨਾਮੈਂਟ ਰੱਦ ਕਰ ਚੁੱਕੀਆਂ ਹਨ।
ਆਖ਼ਰੀ ਰਸਮਾਂ ਵਿੱਚ ਸ਼ਾਮਲ ਹੋਣ ਲਈ ਸੰਦੀਪ ਦੀ ਪਤਨੀ, ਦੋਵੇਂ ਪੁੱਤਰ ਅਤੇ ਭਰਾ ਇੰਗਲੈਂਡ ਤੋਂ ਪਿੰਡ ਪਹੁੰਚ ਗਏ ਹਨ। ਸੰਦੀਪ ਦੇ ਕੋਚ ਇੰਦਰਪਾਲ ਸਿੰਘ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਉਹ ਸੰਦੀਪ ਨੂੰ ਹਸਪਤਾਲ ਲਿਆਇਆ ਸੀ। ਉਸ ਦੀ ਲਾਸ਼ ਗੋਲੀਆਂ ਨਾਲ ਵਿੰਨ੍ਹੀ ਹੋਈ ਸੀ।