ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 22 ਜੂਨ
ਥਾਣਾ ਕਾਹਨੂੰਵਾਨ ਅਧੀਨ ਪਿੰਡ ਨੈਨੇਕੋਟ ਵਿਚ ਦੋ ਪਰਿਵਾਰਾਂ ਵਿੱਚ ਜ਼ਮੀਨ ਦੀ ਵੰਡ ਕਾਰਨ ਝਗੜਾ ਹੋ ਗਿਆ। ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਉਸ ਦੇ ਭਰਾ ਮਨੋਹਰ ਸਿੰਘ ਨਾਲ ਜ਼ਮੀਨ ਦਾ ਵਿਵਾਦ ਸੀ, ਜਦੋਂ ਉਹ ਬੀਤੇ ਦਿਨ ਖੇਤ ਦੀ ਵਹਾਈ ਕਰ ਰਹੇ ਸਨ ਤਾਂ ਭਰਾ ਮਨੋਹਰ ਸਿੰਘ ਅਤੇ ਉਸ ਦੇ ਪੁੱਤਰ ਅਰਜਨ ਸਿੰਘ ਨੇ ਉਨ੍ਹਾਂ ਉੱਤੇ ਖੇਤ ਵਿੱਚ ਹੀ ਹਮਲਾ ਕਰ ਦਿੱਤਾ।
ਇਸ ਦੌਰਾਨ ਹਰਜੀਤ ਸਿੰਘ ਅਤੇ ਪ੍ਰਭਜੋਤ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ। ਉਹ ਸਰਕਾਰੀ ਹਸਪਤਾਲ ਕਾਹਨੂੰਵਾਨ ਵਿੱਚ ਜੇਰੇ ਇਲਾਜ ਹਨ। ਉਨ੍ਹਾਂ ਵੱਲੋਂ ਇਸ ਮਾਮਲੇ ਦੀ ਲਿਖਤੀ ਸ਼ਿਕਾਇਤ ਥਾਣਾ ਕਾਹਨੂੰਵਾਨ ਵਿਚ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਜ਼ਖ਼ਮੀ ਮਨੋਹਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਅਰਜਨ ਸਿੰਘ ਨੇ ਦੱਸਿਆ ਕਿ ਅਮਰੀਕ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਨਾਲ ਝਗੜਾ ਕੀਤਾ ਹੈ ਜਦੋਂ ਕਿ ਪਹਿਲਾਂ ਗੱਲ ਪੰਚਾਇਤ ਵਿੱਚ ਬਹਿ ਕੇ ਮੁੱਕ ਗਈ ਸੀ। ਦੋਵੇਂ ਧਿਰਾਂ ਨੇ ਪੁਲੀਸ ਅਤੇ ਪੰਚਾਇਤ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ। ਥਾਣਾ ਕਾਹਨੂੰਵਾਨ ਦੇ ਮੁਖੀ ਸੁਰਿੰਦਰਪਾਲ ਸਿੰਘ ਕਿਹਾ ਕਿ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਤਫ਼ਤੀਸ਼ੀ ਅਫ਼ਸਰ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।