ਗੁਰਬਖਸ਼ਪੁਰੀ/ ਬੇਅੰਤ ਸੰਧੂ
ਤਰਨ ਤਾਰਨ/ਪੱਟੀ, 27 ਜੂਨ
ਜ਼ਿਲ੍ਹਾ ਪੁਲੀਸ ਨੇ ਪਿੰਡ ਕੈਰੋਂ ਵਿੱਚ ਪੰਜ ਜਣਿਆਂ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਦੀ ਗੁੱਥੀ ਹੱਲ ਕਰਦਿਆਂ ਇਸ ਵਾਰਦਾਤ ਲਈ ਪਰਿਵਾਰ ਅੰਦਰ ਚਲਦੀ ਕਸ਼ਮਕਸ਼ ਨੂੰ ਹੀ ਮੁੱਖ ਕਾਰਨ ਦੱਸਿਆ ਹੈ। ਇਸ ਵਾਰਦਾਤ ਵਿੱਚ ਪਰਿਵਾਰ ਦੇ ਮੁਖੀ ਬ੍ਰਿਜ ਲਾਲ, ਉਸ ਦੀਆਂ ਦੋ ਨੂੰਹਾਂ ਜਸਪ੍ਰੀਤ ਕੌਰ, ਅਮਨਦੀਪ ਕੌਰ, ਲੜਕੇ ਦਲਜੀਤ ਸਿੰਘ ਬੰਟੀ ਅਤੇ ਡਰਾਈਵਰ ਗੁਰਸਾਹਿਬ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ।
ਐਸਐਸਪੀ ਧਰੁਵ ਦਹੀਆ ਨੇ ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਦੇ ਆਧਾਰ ’ਤੇ ਪਰਿਵਾਰ ਦੇ ਮੁਖੀ ਬ੍ਰਿਜ ਲਾਲ, ਉਸ ਦੀਆਂ ਨੂੰਹਾਂ ਅਤੇ ਡਰਾਈਵਰ ਦੀ ਹੱਤਿਆ ਛੋਟੇ ਲੜਕੇ ਦਲਜੀਤ ਸਿੰਘ ਬੰਟੀ ਨੇ ਕੀਤੀ ਸੀ ਜਦਕਿ ਬਾਅਦ ਵਿੱਚ ਦਲਜੀਤ ਸਿੰਘ ਦੀ ਹੱਤਿਆ ਉਸ ਦੇ ਵੱਡੇ ਭਰਾ ਗੁਰਜੰਟ ਸਿੰਘ ਵਲੋਂ ਕਰ ਦਿੱਤੀ ਗਈ। ਦਲਜੀਤ ਨੇ ਬਹੁਤ ਜਿਆਦਾ ਨਸ਼ਾ ਕੀਤਾ ਹੋਇਆ ਸੀ ਜਿਸ ਕਾਰਨ ਉਸ ਦਾ ਆਪਣੇ ਪਿਤਾ ਨਾਲ ਤਕਰਾਰ ਹੋ ਗਿਆ ਤੇ ਬ੍ਰਿਜ ਲਾਲ ਨੇ ਫੋਨ ਕਰਕੇ ਬਚਾਅ ਕਰਨ ਲਈ ਆਪਣੇ ਡਰਾਈਵਰ ਗੁਰਸਾਹਿਬ ਸਿੰਘ ਨੂੰ ਬੁਲਾਇਆ। ਇਸੇ ਦੌਰਾਨ ਦਲਜੀਤ ਸਿੰਘ ਨੇ ਕਿਰਪਾਨ ਨਾਲ ਆਪਣੇ ਪਿਤਾ ਤੇ ਆਪਣੀਆਂ ਭਰਜਾਈਆਂ ਦੀ ਵੀ ਹੱਤਿਆ ਕਰ ਕੀਤੀ। ਅਧਿਕਾਰੀ ਨੇ ਦੱਸਿਆ ਕਿ ਉਹ ਆਪਣੀਆਂ ਭਰਜਾਈਆਂ ਦੇ ਗੁਰਸਾਹਿਬ ਸਿੰਘ ਨਾਲ ਨਾਜਾਇਜ਼ ਸਬੰਧਾਂ ਦਾ ਸ਼ੱਕ ਕਰਦਾ ਸੀ। ਉਸ ਨੇ ਮਗਰੋਂ ਗੁਰਸਾਹਿਬ ਸਿੰਘ ਦੀ ਵੀ ਹੱਤਿਆ ਕਰ ਦਿੱਤੀ। ਹੱਤਿਆਵਾਂ ਕਰਨ ਤੋਂ ਬਾਅਦ ਉਹ ਘਰ ਅੰਦਰ ਹੀ ਸੌਂ ਗਿਆ।
ਇਸ ਮਗਰੋਂ ਊਸ ਨੇ ਆਪਣੇ ਭਰਾ ਦਲਜੀਤ ਸਿੰਘ ਦੀ ਹੱਤਿਆ ਕਰ ਦਿੱਤੀ। ਇਹ ਕਾਰਾ ਵੀ ਊਸ ਨੇ ਨਸ਼ੇ ਵਿਚ ਹੀ ਕੀਤਾ। ਅਧਿਕਾਰੀ ਨੇ ਦੱਸਿਆ ਕਿ ਗੁਰਜੰਟ ਸਿੰਘ ਨੂੰ ਕਾਬੂ ਕਰ ਲਿਆ ਹੈ।
ਪੁਲੀਸ ਨੇ ਕਈ ਪੱਖਾਂ ਬਾਰੇ ਨਹੀਂ ਦੱਸਿਆ
ਪੁਲੀਸ ਨੇ ਪੰਜ ਜੀਆਂ ਦੇ ਕਤਲ ਕੇਸਾਂ ਨੂੰ ਸੁਲਝਾਉਣ ਦਾ ਦਾਅਵਾ ਤਾਂ ਕੀਤਾ ਹੈ ਪਰ ਬੀਤੇ ਕੱਲ੍ਹ ਮ੍ਰਿਤਕ ਬ੍ਰਿਜ ਲਾਲ ਦੀ ਭੈਣ ਕਮਲੇਸ਼ ਰਾਣੀ ਵੱਲੋਂ ਘਰ ਵਿੱਚੋਂ ਇੱਕ ਕਿਲੋ ਤੋਂ ਜ਼ਿਆਦਾ ਸੋਨਾ ਅਤੇ ਲੱਖਾਂ ਰੁਪਏ ਦੀ ਨਗਦੀ ਚੋਰੀ ਹੋਣ ਦੀ ਗੱਲ ਕੀਤੀ ਗਈ ਸੀ ਅਤੇ ਇਸ ਵਾਰਦਾਤ ਵਿੱਚ ਬ੍ਰਿਜ ਲਾਲ ਦੇ ਪੁੱਤਰਾਂ ਦਾ ਹੱਥ ਨਾ ਹੋਣ ਦੀ ਗੱਲ ਕਹੀ ਗਈ ਸੀ ਪਰ ਪੁਲੀਸ ਨੇ ਇਸ ਪੱਖ ਬਾਰੇ ਕੋਈ ਖੁਲਾਸਾ ਨਹੀਂ ਕੀਤਾ। ਇਸ ਤੋਂ ਇਲਾਵਾ ਮ੍ਰਿਤਕ ਬੰਟੀ ਦਾ ਚਾਰ ਕਤਲ ਕਰਨ ਤੋਂ ਬਾਅਦ ਘਰ ਵਿੱਚ ਸੁੱਤੇ ਰਹਿਣਾ ਵੀ ਕਈ ਸਵਾਲ ਖੜ੍ਹੇ ਕਰਦਾ ਹੈ।