ਚਰਨਜੀਤ ਿਸੰਘ ਚੰਨੀ
ਮੁੱਲਾਂਪੁਰ ਗਰੀਬਦਾਸ, 18 ਅਪਰੈਲ
ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵੱਲੋਂ ਅੱਜ ਪਿੰਡ ਮੁੱਲਾਂਪੁਰ ਗਰੀਬਦਾਸ ਵਿੱਚ ਸੈਣੀ ਮੁਹੱਲੇ ਵਾਲੀ ਫਿਰਨੀ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਇਸ ਕਸਬਾਨੁਮਾ ਪਿੰਡ ਦਾ ਸਰਬਪੱਖੀ ਵਿਕਾਸ ਗਰਾਮ ਪੰਚਾਇਤ ਵੱਲੋਂ ਕਰਵਾਇਆ ਜਾ ਰਿਹਾ ਹੈ। ਪਿੰਡ ਦੀ ਧਰਮਸ਼ਾਲਾ, ਮਸਜਿਦ ਤੇ ਗਲੂਏ ਵਾਲੀ ਗਲੀ ਸਣੇ ਹੋਰਨਾਂ ਖਸਤਾ ਹਾਲਤ ਗਲੀਆਂ ਵਿੱਚ ਇੰਟਰਲੌਕਿੰਗ ਟਾਈਲਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਛਿਪਦੇ ਪਾਸੇ ਸੈਣੀ ਮੁਹੱਲੇ ਵਿੱਚ ਫਿਰਨੀ ਦੀ ਹੁਣ ਕਾਇਆ ਕਲਪ ਹੋ ਗਈ ਹੈ, ਜਿਸ ਉਤੇ ਕਰੀਬ ਅੱਸੀ ਲੱਖ ਰੁਪਏ ਲਾਗਤ ਆਈ ਹੈ। ਪਿੰਡ ਦੇ ਇਤਿਹਾਸਕ ਸ਼ਿਵ ਮੰਦਿਰ ਵਾਲੇ ਟੋਭੇ ਦੇ ਗੰਦੇ ਪਾਣੀ ਦੇ ਨਿਕਾਸ ਲਈ ਇਸੇ ਫਿਰਨੀ ਕਿਨਾਰੇ ਖੁੱਲਾ ਨਾਲਾ ਬਣਾਇਆ ਗਿਆ ਹੈ ਤਾਂ ਕਿ ਬਰਸਾਤਾਂ ਵੇਲੇ ਗੰਦੇ ਪਾਣੀ ਦਾ ਨਿਕਾਸ ਪਿੰਡ ਦੀ ਨਦੀ ਵਿੱਚ ਹੋ ਸਕੇ। ਸ੍ਰੀ ਕੰਗ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਗਨਰੇਗਾ ਸਕੀਮ ਨਾਲ ਜੋੜ ਕੇ ਹਲਕਾ ਖਰੜ ਦੇ ਕਰੀਬ ਸਾਰੇ ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਤਰਜੀਹੀ ਤੌਰ ’ਤੇ ਨੇਪਰੇ ਚੜ੍ਹਾਇਆ ਜਾ ਰਿਹਾ ਹੈ।