ਜੋਗਿੰਦਰ ਸਿੰਘ ਮਾਨ
ਮਾਨਸਾ, 11 ਜੁਲਾਈ
ਇਥੋਂ ਦੇ ਪੈਟਰੋਲ ਪੰਪ ’ਤੇ ਅੱਜ ਸ਼ਾਮ ਆਲਟੋ ਕਾਰ ਵਿੱਚ ਸੀਐਨਜੀ ਗੈਸ ਭਰਦੇ ਸਮੇਂ ਬਲਾਸਟ ਹੋਣ ਨਾਲ ਪੰਪ ਕਰਿੰਦੇ ਦੀ ਮੌਤ ਹੋ ਗਈ ਹੈ, ਜਦੋਂ ਕਿ ਘਟਨਾ ਵਿੱਚ ਦੋ ਹੋਰ ਵਿਅਕਤੀ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਹਨ। ਇਸ ਘਟਨਾ ਵਿੱਚ ਦੋ ਆਲਟੋ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਥਾਣਾ ਸਿਟੀ-1 ਅਤੇ ਸਿਟੀ-2 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਜਾ ਜਾਇਜ਼ਾ ਲਿਆ। ਘਟਨਾ ਵਾਪਰਨ ਤੋਂ ਬਾਅਦ ਪੰਪ ਦੇ ਵਿਹੜੇ ਵਿੱਚ ਚਾਰੇ ਪਾਸੇ ਖੂਨ ਖਿੱਲਰ ਗਿਆ। ਜਾਣਕਾਰੀ ਅਨੁਸਾਰ ਸ਼ਹਿਰ ਦੇ ਬੱਸ ਸਟੈਂਡ ਨੇੜਲੇ ਜਗਦੀਸ਼ ਆਇਲ ਕੰਪਨੀ ਦੇ ਪੰਪ ’ਤੇ ਸ਼ਾਮ ਸਮੇਂ ਦੋ ਆਲਟੋ ਕਾਰਾਂ ਦੇ ਸਵਾਰ ਸੀਐਨਜੀ ਗੈਸ ਭਰਵਾਉਣ ਆਏ, ਜਦੋਂ ਪੰਪ ਦਾ ਕਰਿੰਦਾ ਬਿਕਰਮ ਸਿੰਘ ਆਲਟੋ ਕਾਰ ਐਚ.ਆਰ-59-8782 ਵਿੱਚ ਸੀਐਨਜੀ ਗੈਸ ਪਾਉਣ ਲੱਗਿਆ ਤਾਂ ਇੱਕ ਦਮ ਕਾਰ ਦੀ ਟੈਂਕੀ ਫਟ ਗਈ ਅਤੇ ਧਮਾਕਾ ਹੋ ਗਿਆ। ਨੁਕਸਾਨੀਆਂ ਗਈਆਂ ਦੋਵੇਂ ਕਾਰਾਂ ਹਰਿਆਣਾ ਨੰਬਰ ਦੀਆਂ ਸਨ।