ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਜੂਨ
ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕੀਤੇ ਪੰਜਾਬ ਦੇ ਆਈਏਐੱਸ ਅਧਿਕਾਰੀ ਸੰਜੈ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ (27) ਦੀ ਲਾਸ਼ ਦਾ ਐਤਵਾਰ ਨੂੰ ਪੋਸਟਮਾਰਟਮ ਨਹੀਂ ਹੋ ਸਕਿਆ। ਉਸ ਦੀ ਮ੍ਰਿਤਕ ਦੇਹ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਰੱਖੀ ਗਈ ਹੈ। ਹੁਣ ਸੋਮਵਾਰ ਨੂੰ ਪੀਜੀਆਈ ਦੇ ਡਾਕਟਰਾਂ ਦੇ ਬੋਰਡ ਵੱਲੋਂ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਸੈਕਟਰ-16 ਹਸਪਤਾਲ ਦੇ ਡਾਕਟਰਾਂ ਵੱਲੋਂ ਅੱਜ ਪੋਸਟਮਾਰਟਮ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਸਨ। ਇਸੇ ਦੌਰਾਨ ਦੁਪਹਿਰ ਤੱਕ ਪੋਪਲੀ ਪਰਿਵਾਰ ਦੇ ਮੈਂਬਰ ਘਰ ਤੋਂ ਬਾਹਰ ਨਹੀਂ ਨਿਕਲ ਸਕੇ ਜਿਸ ਕਰਕੇ ਪੋਸਟਮਾਰਟਮ ਲਈ ਲੋੜੀਂਦੀ ਕਾਰਵਾਈ ਪੂਰੀ ਨਹੀਂ ਹੋ ਸਕੀ। ਪੋਪਲੀ ਪਰਿਵਾਰ ਦੇ ਵਕੀਲ ਮਤਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਨੇ ਕਾਰਤਿਕ ਦੀ ਲਾਸ਼ ਦੇ ਪੋਸਟਮਾਰਟਮ ਲਈ ਕੋਈ ਵਿਰੋਧ ਨਹੀਂ ਕੀਤਾ ਅਤੇ ਨਾ ਹੀ ਪੀਜੀਆਈ ਦੇ ਬੋਰਡ ਵੱਲੋਂ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਹੈ। ਵਕੀਲ ਨੇ ਕਿਹਾ ਕਿ ਪਿਤਾ ਸੰਜੈ ਪੋਪਲੀ ਨੂੰ ਪੁੱਤਰ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਲੈਣ ਲਈ ਉਹ ਅਦਾਲਤ ਵਿੱਚ ਅਰਜ਼ੀ ਦੇਣਗੇ।