ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 26 ਜੂਨ
ਦਿੱਲੀ ਦੀ ਟਿਕਰੀ ਹੱਦ ’ਤੇ ਚੱਲ ਰਹੇ ਅੰਦੋਲਨ ਦੌਰਾਨ ਨੇੜਲੇ ਪਿੰਡ ਕਾਉਂਕੇ ਕਲਾਂ ਦੇ ਕਿਸਾਨ ਸੁਖਵਿੰਦਰ ਸਿੰਘ (45) ਦੀ ਮੌਤ ਹੋ ਗਈ। ਸੁਖਵਿੰਦਰ ਸਿੰਘ ਕੁਝ ਦਿਨਾਂ ਤੋਂ ਟਿਕਰੀ ਹੱਦ ’ਤੇ ਧਰਨੇ ਵਿੱਚ ਸ਼ਾਮਲ ਸੀ, ਜਿਥੇ ਬੀਤੀ ਰਾਤ ਅਚਾਨਕ ਉਸ ਦੀ ਮੌਤ ਹੋ ਗਈ। ਉਸ ਦੇ ਪਰਿਵਾਰ ਵਿੱਚ ਪਤਨੀ ਅਤੇ ਇੱਕ ਪੁੱਤਰ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਧਾਲੀਵਾਲ ਤੇ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਉਪ ਮੰਡਲ ਮੈਜਿਸਟਰੇਟ ਜਗਰਾਉਂ ਨਰਿੰਦਰ ਸਿੰਘ ਧਾਲੀਵਾਲ ਰਾਹੀਂ ਪੀੜਤ ਪਰਿਵਾਰ ਦੇ ਮੁਆਵਜ਼ੇ ਸਬੰਧੀ ਕੇਸ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੁਆਵਜ਼ੇ ਸਬੰਧੀ ਐਲਾਨੇ ਜਾਣ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ।
ਭੀਖੀ (ਕਰਨ ਭੀਖੀ): ਟਿਕਰੀ ਅੰਦੋਲਨ ਵਿੱਚ ਸ਼ਾਮਲ ਪਿੰਡ ਅਤਲਾ ਕਲਾਂ ਦੇ ਕਿਸਾਨ ਜਗਸੀਰ ਸਿੰਘ (52) ਪੁੱਤਰ ਛੋਟਾ ਸਿੰਘ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ ਹੈ। ਕਿਸਾਨ ਆਗੂ ਭੋਲਾ ਸਿੰਘ ਮਾਖਾ ਨੇ ਦੱਸਿਆ ਕਿ ਅੰਦੋਲਨ ਦੌਰਾਨ ਜਗਸੀਰ ਸਿੰਘ ਦੇ ਸੱਟ ਲੱਗਣ ਕਾਰਨ ਉਸ ਨੂੰ ਬਹਾਦਰਗੜ੍ਹ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੋਂ ਉਸ ਨੂੰ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ ਗਿਆ। ਇਲਾਜ ਦੌਰਾਨ ਜਗਸੀਰ ਸਿੰਘ ਦੀ ਮੌਤ ਹੋ ਗਈ। ਪਰਿਵਾਰ ਸਿਰ ਕਰੀਬ ਪੰਜ ਲੱਖ ਦਾ ਕਰਜ਼ਾ ਚੜਿਆ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਪੀੜਤ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ।