ਜੇਬੀ ਸਿੰਘ ਸੇਖੋਂ
ਗੜ੍ਹਸ਼ੰਕਰ, 24 ਨਵੰਬਰ
ਪੰਜਾਬ ਵਾਸੀ ਕਾਂਗਰਸ ਦੀਆਂ ਨੀਤੀਆਂ ਤੋਂ ਤੰਗ ਹਨ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਅੰਦਰ ਅਕਾਲੀ ਦਲ-ਬਸਪਾ ਗੱਠਜੋੜ ਦੀ ਸਰਕਾਰ ਬਣਨੀ ਤੈਅ ਹੈ। ਇਹ ਦਾਅਵਾ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਹਿਲਪੁਰ, ਗੜ੍ਹਸ਼ੰਕਰ ਤੇ ਬੀਤ ਇਲਾਕੇ ਵਿੱਚ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਗੱਠਜੋੜ ਦੇ ਉਮੀਦਵਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੇ ਹੱਕ ਵਿੱਚ ਕੀਤੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਝੂਠੇ ਵਾਅਦੇ ਕਰਕੇ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ੇ, ਰੇਤ ਮਾਫੀਆ ਅਤੇ ਅਮਨ ਕਾਨੂੰਨ ਦੀ ਮਾੜੀ ਹਾਲਤ ਕਰਕੇ ਪੰਜਾਬ ਵਿਕਾਸ ਪੱਖੋਂ ਬੁਰੀ ਤਰ੍ਹਾਂ ਪੱਛੜਿਆ ਹੋਇਆ ਹੈ।
ਗੜ੍ਹਸ਼ੰਕਰ (ਨਿੱਜੀ ਪੱਤਰ ਪ੍ਰੇਰਕ/ਜੋਗਿੰਦਰ ਕੁੱਲੇਵਾਲ): ‘ਗੱਲ ਪੰਜਾਬ ਦੀ’ ਪ੍ਰੋਗਰਾਮ ਤਹਿਤ ਅੱਜ ਗੜ੍ਹਸ਼ੰਕਰ ਦਾਣਾ ਮੰਡੀ ਵਿੱਚ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੋ ਵਿਕਾਸ ਸਾਡੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਹੋਇਆ ਉਹ ਉੱਥੇ ਦਾ ਉੱਥੇ ਹੀ ਹੈ। ਕਾਂਗਰਸ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜ ਸਾਲਾਂ ਵਿੱਚ ਕਾਂਗਰਸ ਸਰਕਾਰ ਨੇ ਸਿਰਫ ਲੋਕਾਂ ’ਤੇ ਲਾਠੀਚਾਰਜ ਹੀ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ
ਚੰਡੀਗੜ੍ਹ (ਟਨਸ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨਾਲ ਸਲਾਹ ਮਸ਼ਵਰਾ ਕਰਨ ਮਗਰੋਂ ਕਿਸਾਨ ਵਿੰਗ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਗੁਰਧਿਆਨ ਸਿੰਘ ਮਹਿਤਾ ਨੂੰ ਜ਼ਿਲ੍ਹਾ ਅੰਮ੍ਰਿਤਸਰ ਦਾ ਪ੍ਰਧਾਨ, ਸਵਰਨ ਸਿੰਘ ਆਕਲੀਆ ਨੂੰ ਜ਼ਿਲ੍ਹਾ ਬਠਿੰਡਾ ਅਤੇ ਸੁਰਜੀਤ ਸਿੰਘ ਗੜੀ ਨੂੰ ਕਿਸਾਨ ਵਿੰਗ ਜ਼ਿਲ੍ਹਾ ਪਟਿਆਲਾ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਵੀ ਨਿਯੁਕਤ ਕੀਤੇ ਗਏ ਹਨ।