ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 22 ਜਨਵਰੀ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਕਹਿਣੀ ਅਤੇ ਕਰਨੀ ’ਚ ਫ਼ਰਕ ਹੈ ਕਿਉਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਿਰਫ ਕੇਜਰੀਵਾਲ ਦੇ ਹੀ ਪੋਸਟਰ ਲੱਗੇ ਹਨ ਅਤੇ ਭਗਵੰਤ ਮਾਨ ਨੂੰ ਸਿਰਫ ਕਠਪੁਤਲੀ ਮੁੱਖ ਮੰਤਰੀ ਐਲਾਨਿਆ ਗਿਆ ਹੈ। ਉਹ ਅੱਜ ਆਪਣੇ ਚੋਣ ਹਲਕੇ ’ਚ ਪੁੱਜੇ ਹੋਏ ਸਨ ਤੇ ਇੱਥੇ ਉਨ੍ਹਾਂ ਕੌਂਸਲਰਾਂ, ਰਾਈਸ ਮਿੱਲਰਾਂ, ਟਰੇਡਰਾਂ ਅਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ। ਸਭ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਪ੍ਰੇਮ ਵਲੇਚਾ ਦੇ ਘਰ ਪੁੱਜੇ, ਜਿੱਥੇ ਉਨ੍ਹਾਂ ਸ਼ਹਿਰ ਦੇ ਕੌਂਸਲਰਾਂ ਨਾਲ ਮੀਟਿੰਗਾਂ ਕੀਤੀਆਂ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਸੁਖਬੀਰ ਨੇ ਚੋਣ ਸਰਵੇ ਵਿੱਚ ‘ਆਪ’ ਨੂੰ ਬਹੁਮਤ ਦੇਣ ਬਾਰੇ ਕਿਹਾ ਕਿ ਪਿਛਲੀਆਂ ਚੋਣਾਂ ਵੇਲੇ ਵੀ ਵੋਟਰ ਸਰਵੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਪਰ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲੀਆਂ, ਸਭ ਦੇ ਸਾਹਮਣੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੇਡ ਸਰਵੇ ਕਰਵਾ ਰਿਹਾ ਹੈ। ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਥਿਤ ਸ਼ਹਿ ’ਤੇ ਬਦਲੀਆਂ, ਸ਼ਰਾਬ ਮਾਫੀਆ, ਰੇਤ ਮਾਫੀਆ ਸਮੇਤ ਹੋਰ ਗੈਰ-ਕਾਨੂੰਨੀ ਧੰਦੇ ਕੀਤੇ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸਿੱਖਿਆ ਅਤੇ ਰੁਜ਼ਗਾਰ ਨੂੰ ਪਹਿਲ ਦਿੱਤੀ ਜਾਵੇਗੀ। ਇਸ ਮਗਰੋਂ ਸੁਖਬੀਰ ਸਿੰਘ ਬਾਦਲ ਨੇ ਨਵੀਂ ਅਨਾਜ ਮੰਡੀ ’ਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਅਨੇਜਾ ਦੇ ਦਫ਼ਤਰ ਵਿੱਚ ਟਰੇਡਰਾਂ ਨਾਲ ਮੀਟਿੰਗ ਕੀਤੀ।