ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 11 ਫਰਵਰੀ
ਮੁੱੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕਾ ਕਰਤਾਰਪੁਰ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਸੁਰਿੰਦਰ ਸਿੰਘ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੀ ਕੁਰਸੀ ‘ਅਲਾਦੀਨ ਦਾ ਚਿਰਾਗ’ ਹੈ ਅਤੇ ਹੁਣ ਇਸ ਦਾ ਮੂੰਹ ਗ਼ਰੀਬਾਂ ਦੇ ਘਰਾਂ ਵੱਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬੜੀ ਮੁਸ਼ਕਲ ਨਾਲ ਮੁੱਖ ਮੰਤਰੀ ਦੀ ਕੁਰਸੀ ਗਰੀਬਾਂ ਹਿੱਸੇ ਆਈ ਹੈ।
ਉਨ੍ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਹਰਿਆਣੇ ਦਾ ਰਹਿਣ ਵਾਲਾ ਬੰਦਾ ਦਿੱਲੀ ਦਾ ਮੁੱਖ ਮੰਤਰੀ ਹੈ ਅਤੇ ਭਗਵੰਤ ਮਾਨ ਨੂੰ ਮੋਹਰਾ ਬਣਾ ਕੇ ਪੰਜਾਬ ਨੂੰ ਲੁੱਟਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਐੱਸਵਾਈਐੱਲ ਅਤੇ ਦਿੱਲੀ ਨਾਲ ਪਾਣੀਆਂ ਦੇ ਮਸਲੇ ’ਤੇ ਚੁੱਪ ਰਹਿ ਕੇ ਕੇਜਰੀਵਾਲ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੜ ਕਾਂਗਰਸ ਦੀ ਸਰਕਾਰ ਬਣਨ ’ਤੇ ਆਟਾ-ਦਾਲ ਸਕੀਮ ਤੋਂ ਇਲਾਵਾ ਐੱਸਸੀ ਅਤੇ ਬੀਸੀ ਵਰਗ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਕਾਲਰਸ਼ਿਪ ਦਿੱਤੀ ਜਾਵੇਗੀ।
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਇੱਥੋਂ ਦੀ ਦਾਣਾ ਮੰਡੀ ਵਿਚ ਸੁਖਵਿੰਦਰ ਸਿੰਘ ਕੋਟਲੀ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ 111 ਦਿਨਾਂ ਵਾਲੀ ਸਰਕਾਰ ਨੇ ਹਰ ਵਰਗ ਲਈ ਕੰਮ ਕੀਤਾ ਹੈ। ਚੰਨੀ ਨੇ ਕਿਹਾ ਕਿ ਜਦੋਂ ਤੋਂ ਪਾਰਟੀ ਹਾਈ ਕਮਾਨ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਹੈ, ਉਦੋਂ ਤੋਂ ਹੀ ਉਹ ਲੋਕਾਂ ਦੀ ਸੇਵਾ ਕਰ ਰਹੇ ਹਨ। ਪੰਜਾਬ ਵਿਚ ਬਿਜਲੀ ਦੇ ਬਿੱਲ, ਪੈਟਰੋਲ-ਡੀਜ਼ਲ ਸਸਤੇ ਕੀਤੇ ਗਏ ਅਤੇ ਹੋਰ ਗਰੀਬ ਲੋਕਾਂ ਨਾਲ ਸਬੰਧਤ ਸਕੀਮਾਂ ਲਾਗੂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ’ਤੇ ਅਧੂਰੇ ਵਿਕਾਸ ਕਾਰਜ ਪੂਰੇ ਕਰਵਾਏ ਜਾਣਗੇ।
‘ਅਕਾਲੀ ਦਲ ਸੱਤਾ ਵਿੱਚ ਆਇਆ ਤਾਂ ਨਸ਼ੇ ਹੋਰ ਵਧਣਗੇ’
ਰਈਆ (ਦਵਿੰਦਰ ਸਿੰਘ ਭੰਗੂ): ਕਾਂਗਰਸੀ ਉਮੀਦਵਾਰ ਸੰਤੋਖ ਸਿੰਘ ਭਲਾਈਪੁਰ ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ 111 ਦਿਨਾਂ ਵਿਚ ਆਮ ਲੋਕਾਂ ਨੂੰ ਫਾਇਦਾ ਦੇਣ ਵਾਲੇ 150 ਫ਼ੈਸਲੇ ਲਏ। ਕਾਂਗਰਸ ਦੀ ਮੁੜ ਸਰਕਾਰ ਆਉਣ ’ਤੇ ਕਿਸੇ ਘਰ ਦੀ ਛੱਤ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਜਿੱਤਦੀ ਹੈ ਤਾਂ ਪੰਜਾਬ ਵਿਚ ਨਸ਼ੇ ਹੋਰ ਵਧਣਗੇ। ‘ਆਪ’ ਦਾ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਤਾਂ ਆਪ ਹੀ ਹੋਸ਼ ’ਚ ਨਹੀਂ ਰਹਿੰਦਾ। ਚੰਨੀ ਨੇ ਕਿਹਾ ਕਿ ਭਲਾਈਪੁਰ ਨਾਲ ਉਨ੍ਹਾਂ ਦਾ ਬਹੁਤ ਪਿਆਰ ਹੈ। ਜੇ ਇਸ ਵਾਰ ਮੁੜ ਕਾਂਗਰਸ ਦੀ ਸਰਕਾਰ ਬਣੀ ਤਾਂ ਇਸ ਹਲਕੇ ਦਾ ਪਹਿਲ ਦੇ ਆਧਾਰ ’ਤੇ ਵਿਕਾਸ ਕੀਤਾ ਜਾਵੇਗਾ।