ਮਹਿੰਦਰ ਸਿੰਘ ਰੱਤੀਆਂ/ਰਾਜਵਿੰਦਰ ਰੌਂਤਾ
ਮੋਗਾ/ਨਿਹਾਲ ਸਿੰਘ ਵਾਲਾ, 16 ਫ਼ਰਵਰੀ
ਮੁੱਖ ਅੰਸ਼
- ‘ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬੀਆਂ ਦੇ ਹੱਕ ਦੀ ਗੱਲ ਕੀਤੀ’
- ਕਾਂਗਰਸ ਉੱਤੇ ਵੀ ਕੀਤੇ ਤਿੱਖੇ ਸ਼ਬਦੀ ਹਮਲੇ
- ‘ਅਕਾਲੀ ਸਰਕਾਰ ਦੀਆਂ ਯੋਜਨਾਵਾਂ ਬੰਦ ਕਰਕੇ ਲੋਕਾਂ ਦਾ ਨੁਕਸਾਨ ਕੀਤਾ’
ਸਾਬਕਾ ਉੱਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਧਰਮਕੋਟ ਤੋਂ ਜਥੇਦਾਰ ਤੋਤਾ ਸਿੰਘ ਅਤੇ ਨਿਹਾਲ ਸਿੰਘ ਵਾਲਾ ਰਾਖਵੇਂ ਹਲਕੇ ਤੋਂ ਅਕਾਲੀ-ਬਸਪਾ ਗੱਠਜੋੜ ਉਮੀਦਵਾਰ ਬਲਦੇਵ ਸਿੰਘ ਮਾਣੂੰਕੇ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ‘ਆਪ’ ਅਤੇ ਕਾਂਗਰਸ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਇਸ ਮੌਕੇ ਉਨ੍ਹਾਂ ਭਗਤ ਰਵਿਦਾਸ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਵੀ ਦਿੱਤੀਆਂ ਅਤੇ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਹਾਦਸੇ ਦੌਰਾਨ ਹੋਈ ਮੌਤ ’ਤੇ ਦੁੱਖ ਪ੍ਰਗਟਾਇਆ।
ਸੁਖਬੀਰ ਬਾਦਲ ਨੇ ਵਿਰੋਧੀ ਪਾਰਟੀਆਂ ’ਤੇ ਨਿਸ਼ਾਨੇ ਸੇਧਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬੀਆਂ ਦੇ ਹੱਕ ਦੀ ਗੱਲ ਕੀਤੀ ਹੈ, ਜਦ ਕਿ ਇਸ ਦੇ ਉਲਟ ਕਾਂਗਰਸ ਨੇ ਦਰਬਾਰ ਸਾਹਿਬ ’ਤੇ ਹਮਲਾ ਕਰਵਾਇਆ, ਜਿਸ ਨੂੰ ਪੰਜਾਬ ਅੱਜ ਤੱਕ ਨਹੀਂ ਭੁੱਲੇ। ਉਨ੍ਹਾਂ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਹਮਲਾ ਕਰਦਿਆਂ ਕਿਹਾ ਕਿ ਕੇਜਰੀਵਾਲ ਨੇ ਅਦਾਲਤ ਵਿੱਚ ਐੱਸਵਾਈਐੱਲ ਨਹਿਰ ਰਾਹੀਂ ਪਾਣੀ ਲਈ ਪਟੀਸ਼ਨ ਪਾਈ ਹੈ ਤੇ ਉਹ ਪੰਜਾਬ ਦਾ ਪਾਣੀ ਦਿੱਲੀ ਲਿਜਾਣਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਕੇਜਰੀਵਾਲ ਦੀ ਕਹਿਣੀ ਤੇ ਕਰਨੀ ਵਿੱਚ ਅੰਤਰ ਹੈ।
ਧੂਰੀ (ਪਵਨ ਕੁਮਾਰ ਵਰਮਾ): ਅੱਜ ਧੂਰੀ ਦੀ ਅਨਾਜ ਮੰਡੀ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਬਾਬੂ ਪ੍ਰਕਾਸ਼ ਚੰਦ ਗਰਗ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਐੱਸਸੀ ਵਿਦਿਆਰਥੀਆਂ ਦੇ ਵਜ਼ੀਫ਼ੇ, ਮੁੱਖ ਮੰਤਰੀ ਤੀਰਥ ਯਾਤਰਾ ਸਕੀਮ, ਵਰਲਡ ਕਬੱਡੀ ਕੱਪ ਅਤੇ ਪਿੰਡਾਂ ਵਿੱਚ ਖੋਲ੍ਹੇ ਸੇਵਾ ਕੇਂਦਰ ਬੰਦ ਕਰ ਕੇ ਪੰਜਾਬ ਦੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਦੇ ਮੰਤਰੀਆਂ ਨੇ ਜਾਅਲੀ ਸ਼ਰਾਬ ਦੀਆਂ ਫੈਕਟਰੀਆਂ, ਟਾਇਲਾਂ ਦੀਆਂ ਫੈਕਟਰੀਆਂ ਆਦਿ ਲਗਾ ਕੇ ਅਰਬਾਂ ਰੁਪਏ ਦੇ ਘੁਟਾਲੇ ਕੀਤੇ ਹਨ ਅਤੇ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰੇਤ ਮਾਫੀਏ ਨਾਲ ਮਿਲਿਆ ਹੋਇਆ ਹੈ।
ਕੇਜਰੀਵਾਲ ’ਤੇ ਦਲ ਬਦਲੂਆਂ ਨੂੰ ਟਿਕਟਾਂ ਵੰਡਣ ਦੇ ਦੋਸ਼ ਲਾਏ
ਬਰਨਾਲਾ (ਰਵਿੰਦਰ ਰਵੀ): ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਬਰਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਕੁਲਵੰਤ ਸਿੰਘ ਕੀਤੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਉਨ੍ਹਾਂ 25 ਏਕੜ ਕਾਲੋਨੀ ਦੇ ਦੁਸਹਿਰਾ ਮੈਦਾਨ ’ਚ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੇਹੜੀ, ਰਿਕਸ਼ਾ ਚਲਾਉਣ ਅਤੇ ਮਜ਼ਦੂਰੀ ਕਰਨ ਵਾਲੇ ਲੋਕਾਂ ਨੂੰ ਵਿਧਾਨ ਸਭਾ ਦੀਆਂ ਟਿਕਟਾਂ ਦੇਣ ਦਾ ਦਾਅਵਾ ਕਰਨ ਵਾਲੇ ਕੇਜਰੀਵਾਲ ਨੇ ਅਕਾਲੀ ਦਲ ਤੇ ਦੂਜੀਆਂ ਪਾਰਟੀਆਂ ਵਿੱਚੋਂ ਕੱਢੇ ਆਗੂਆਂ ਨੂੰ ਧੜਾਧੜ ਟਿਕਟਾਂ ਵੰਡੀਆਂ। ਸੁਖਬੀਰ ਨੇ ਕਿਹਾ ਕਿ ਕੇਜਰੀਵਾਲ ਨੇ 117 ਸੀਟਾਂ ਵਿੱਚੋਂ 65 ਸੀਟਾਂ ਦਲਬਦਲੂਆਂ ਨੂੰ ਵੰਡੀਆਂ ਹਨ।