ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 17 ਫਰਵਰੀ
ਜੇਐੱਨਯੂ ਵਿਦਿਆਰਥੀ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਕਨ੍ਹੱਈਆ ਕੁਮਾਰ ਨੇ ਅੱਜ ਹਲਕਾ ਆਦਮਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਦੇ ਹੱਕ ਵਿੱਚ ਅਲਾਵਲਪੁਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਨੇ ਹਮੇਸ਼ਾ ਧਰਮ ਦੀ ਆੜ ਹੇਠ ਸਿਆਸਤ ਕੀਤੀ ਹੈ, ਜਦਕਿ ਕਾਂਗਰਸ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਕੁਰਬਾਨੀਆਂ ਦਿੱਤੀਆਂ ਹਨ।
ਕਨ੍ਹੱਈਆ ਨੇ ਕਿਹਾ ਕਿ ਭਾਰਤ ਵਿੱਚ ਮਹਿੰਗਾਈ, ਬੇਰੁਜ਼ਗਾਰੀ ਤਾਂ ਸੈਕੂਲਰ ਹੈ ਪਰ ਭਾਜਪਾ ਧਰਮ ਦੇ ਨਾਂ ’ਤੇ ਲੋਕਾਂ ਵਿੱਚ ਵੰਡੀਆਂ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ, ਆਮ ਆਦਮੀ ਪਾਰਟੀ ਤੇ ਅਕਾਲੀ ਦਲ ਪੰਜਾਬ ਵਿੱਚ ਬਦਲਾਅ ਲਿਆਉਣ ਦੀ ਗੱਲ ਕਰ ਰਹੀਆਂ ਹਨ, ਜਦਕਿ ਕਾਂਗਰਸ ਸਰਕਾਰ ਨੇ ਗਰੀਬ ਪਰਿਵਾਰ ’ਚ ਪੈਦਾ ਹੋਏ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਪਹਿਲਾਂ ਹੀ ਬਦਲਾਅ ਦਾ ਮੁੱਢ ਬੰਨ੍ਹ ਦਿੱਤਾ ਹੈ। ਨੌਜਵਾਨ ਆਗੂ ਨੇ ਕਿਹਾ ਕਿ ਕੇਜਰੀਵਾਲ ਪਹਿਲਾਂ ਤਾਂ ਸਿਹਤ ਤੇ ਸਿੱਖਿਆ ਦੀ ਗੱਲ ਕਰਦੇ ਸਨ, ਪਰ ਹੁਣ ਉਹ ਵੀ ਧਰਮ ਦੀ ਆੜ ਹੇਠ ਸਿਆਸਤ ਕਰ ਰਹੇ ਹਨ। ਉਸ ਨੇ ਦੋਸ਼ ਲਾਇਆ ਕਿ ਕੇਜਰੀਵਾਲ ਦਾ ਭਾਸ਼ਣ ਵੀ ਭਾਜਪਾ ਦੇ ਲੋਕ ਹੀ ਲਿਖ ਕੇ ਦਿੰਦੇ ਹਨ। ਕਨ੍ਹੱਈਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਲਕਾ ਆਦਮਪੁਰ ਤੋਂ ਸੁਖਵਿੰਦਰ ਸਿੰਘ ਕੋਟਲੀ ਦੇ ਹੱਕ ਵਿੱਚ ਵੋਟ ਪਾਉਣ ਤਾਂ ਕਿ ਪੰਜਾਬ ਦਾ ਮੁੱਖ ਮੰਤਰੀ ਮੁੜ ਚਰਨਜੀਤ ਸਿੰਘ ਚੰਨੀ ਜੀ ਨੂੰ ਬਣਾਇਆ ਜਾ ਸਕੇ। ਇਸ ਇਕੱਠ ਨੂੰ ਸਾਬਕਾ ਵਿਧਾਇਕ ਕਵੰਲਜੀਤ ਸਿੰਘ ਲਾਲੀ, ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੰਤਰੀ ਕੁਲਦੀਪ ਕੁਮਾਰ ਸਮੇਤ ਹੋਰਨਾਂ ਆਗੂਆਂ ਨੇ ਵੀ ਸੰਬੋਧਨ ਕੀਤਾ।