ਦਵਿੰਦਰ ਪਾਲ
ਚੰਡੀਗੜ੍ਹ, 2 ਫਰਵਰੀ
ਮੁੱਖ ਅੰਸ਼
- ਪਾਰਟੀ ਦੇ ਬੁਲਾਰੇ ਹਰਚਰਨ ਬੈਂਸ ਨੇ ਦਿੱਲੀ ਦੀ ‘ਆਪ’ ਸਰਕਾਰ ਉਤੇ ਪੰਥਕ ਸਭਿਆਚਾਰ ਤੇ ਕਦਰਾਂ ਕੀਮਤਾਂ ਨੂੰ ਅਣਡਿੱਠ ਕਰਨ ਦਾ ਦੋਸ਼ ਲਾਇਆ
ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਪੰਜਾਬੀ ਭਾਸ਼ਾ ਤੇ ਸਭਿਆਚਾਰ ਨੂੰ ਗਿਣਮਿੱਥ ਕੇ ਦਿੱਲੀ ਸਿੱਖਿਆ ਬੋਰਡ ਦੇ ਪਾਠਕ੍ਰਮ ’ਚੋਂ ਬਾਹਰ ਕੱਢਣ ਦਾ ਦੋਸ਼ ਲਗਾਇਆ ਹੈ। ਅਕਾਲੀ ਦਲ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਜਾਣ ਬੁੱਝ ਕੇ ਪੰਥਕ ਸਭਿਆਚਾਰ ਤੇ ਕਦਰਾਂ ਕੀਮਤਾਂ ਅਤੇ ਪੰਜਾਬੀ ਭਾਸ਼ਾ ਨੂੰ ਅਣਡਿੱਠ ਕਰ ਰਹੀ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਹਰਚਰਨ ਬੈਂਸ ਨੇ ਦੋਸ਼ ਲਾਇਆ ਕਿ ਦਿੱਲੀ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਦਿੱਲੀ ਸਿੱਖਿਆ ਬੋਰਡ ਦੀ ਵਿਸ਼ਾ ਸੂਚੀ ਵਿਚੋਂ ਬਾਹਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਨੇ ਜਾਣ ਬੁੱਝ ਕੇ ਗਤਕਾ ਮਾਰਸ਼ਲ ਆਰਟ ਨੂੰ ਪ੍ਰੋਫੈਸ਼ਨਲ ਮੈਡੀਕਲ, ਇੰਜੀਨੀਅਰਿੰਗ, ਆਈਟੀ ਤੇ ਹੋਰ ਕੋਰਸਾਂ ਦੇ ਨਾਲ ਦਿੱਲੀ ਵਿਚ ਸਰਕਾਰੀ ਨੌਕਰੀਆਂ ਵਾਸਤੇ ਸਪੋਰਟਸ ਕੋਟੇ ਵਿਚ ਦਾਖਲੇ ਲਈ ਇਕ ਖੇਡ ਵਜੋਂ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਇਕ ਗੈਰ-ਸਾਹਿਤਕ ਜੂਨੀਅਰ ਸਰਕਾਰੀ ਅਫਸਰ ਨੂੰ ਦਿੱਲੀ ਵਿਚ ਪੰਜਾਬੀ ਅਕਾਦਮੀ ਦਾ ਚੇਅਰਮੈਨ ਨਿਯੁਕਤ ਕਰ ਕੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਅਕਾਦਮੀ ਦੇ ਨਵੇਂ ਚੇਅਰਮੈਨ ਨੂੰ ਤਾਂ ਪੰਜਾਬੀ ਭਾਸ਼ਾ ਵੀ ਨਹੀਂ ਆਉਂਦੀ। ਬੈਂਸ ਨੇ ਕਿਹਾ ਕਿ ਇਹ ਅਹੁਦਾ ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ, ਸੁਰਜੀਤ ਪਾਤਰ, ਪ੍ਰੋਫੈਸਰ ਮੋਹਨ ਸਿੰਘ ਅਤੇ ਇਨ੍ਹਾਂ ਵਰਗੀਆਂ ਹੋਰਨਾਂ ਸ਼ਖ਼ਸੀਅਤਾਂ ਲਈ ਹੈ, ਪਰ ਇਹ ਅਹੁਦਾ ਅਜਿਹੇ ਵਿਅਕਤੀ ਨੂੰ ਦਿੱਤਾ ਗਿਆ ਹੈ, ਜਿਸ ਨੂੰ ਪੰਜਾਬੀ ਲਿਖਣੀ ਵੀ ਨਹੀਂ ਆਉਂਦੀ। ਅਕਾਲੀ ਦਲ ਨੇ ‘ਆਪ’ ਆਗੂਆਂ ਨੂੰ ਚੁਣੌਤੀ ਦਿੱਤੀ ਕਿ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬੀ ਭਾਸ਼ਾ ਤੇ ਸਿੱਖ ਸਭਿਆਚਾਰ ਨਾਲ ਕੀਤੇ ਜਾ ਰਹੇ ਵਿਤਕਰੇ ਬਾਰੇ ਲਾਈਵ ਬਹਿਸ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੁੱਚੇ ਆਗੂ ਗੁਰੂਆਂ ਦੀ ਭਾਸ਼ਾ ਤੇ ਸਭਿਆਚਾਰ ਦੇ ਅਪਮਾਨ ’ਤੇ ਚੁੱਪ ਧਾਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਕੇਜਰੀਵਾਲ ਤੋਂ ਇਹ ਪੁੱਛਣ ਵਿਚ ਡਰ ਲੱਗਦਾ ਹੈ ਕਿ ਗੁਰੂ ਦੇ ਸਭਿਆਚਾਰ ਤੇ ਭਾਸ਼ਾ ਨੂੰ ਦਿੱਲੀ ਦੇ ਮੁੱਖ ਮੰਤਰੀ ਅਪਮਾਨਿਤ ਕਿਉਂ ਕਰ ਰਹੇ ਹਨ।