ਜੋਗਿੰਦਰ ਸਿੰਘ ਮਾਨ
ਮਾਨਸਾ, 28 ਅਕਤੂਬਰ
ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਮਾਲਵਾ ਖੇਤਰ ਦੇ ਦੋ ਦਿਨਾਂ ਦੇ ਦੌਰੇ ’ਤੇ ਅੱਜ ਮਾਨਸਾ ਆਏ। ਭਾਵੇਂ ਉਨ੍ਹਾਂ ਦਾ ਪਾਰਟੀ ਆਗੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ, ਪਰ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਇੱਕ ਕਮਰੇ ਵਿੱਚ ਬਿਠਾ ਕੇ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਤੋਂ ਉਹ ਭੱਜ ਗਏ। ਇਸ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਜਰੀਵਾਲ ਖ਼ਿਲਾਫ਼ ਸਮਾਗਮ ਵਾਲੀ ਥਾਂ ਦੇ ਬਾਹਰ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ।ਇਸ ਤੋਂ ਪਹਿਲਾਂ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਮਾਨਸਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਮਹਿੰਦਰ ਸਿੰਘ ਭੈਣੀਬਾਘਾ, ਨੇ ਦੱਸਿਆ ਕਿ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਖੇਤੀ ਕਾਨੂੰਨਾਂ ਤੇ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਸਬੰਧੀ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਤੋਂ ਉਹ ਪਾਸਾ ਵੱਟ ਗਏ ਤੇ ਜਥੇਬੰਦੀਆਂ ਵਾਪਸ ਆ ਗਈਆਂ। ਕਿਸਾਨ ਆਗੂ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੇਜਰੀਵਾਲ ਕਿਸਾਨਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਸਹੀ ਨਹੀਂ ਦੇ ਸਕੇ, ਇਧਰ-ਉਧਰ ਦੀਆਂ ਗੱਲਾਂ ਕਰਨ ਲੱਗ ਗਏ।