ਰਮੇੇਸ਼ ਭਾਰਦਵਾਜ
ਲਹਿਰਾਗਾਗਾ, 13 ਫਰਵਰੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਅਨਾਜ ਮੰਡੀ ਵਿੱਚ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ‘ਆਪ’ ਆਗੂ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਾਲੇ-ਚਿੱਟੇ ਅੰਗਰੇਜ਼ ਦੱਸਿਆ ਅਤੇ ਕੇਜਰੀਵਾਲ ਨੂੰ ਆਪਣੀ ਜਾਇਦਾਦ ਵਟਾਉਣ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਉਨ੍ਹਾਂ ਦੀ 1.16 ਕਰੋੜ ਦੀ ਜਾਇਦਾਦ ਨੂੰ 169 ਕਰੋੜ ਰੁਪਏ ਦੱਸਦਿਆਂ ਰਾਜਪਾਲ ਕੋਲ ਜਾਂਚ ਕਰਵਾਉਣ ਦੀ ਸ਼ਿਕਾਇਤ ਕੀਤੀ ਪਰ ਇਹ ਦਾਅ ਕੇਜਰੀਵਾਲ ਨੂੰ ਉਲਟਾ ਪੈ ਗਿਆ ਕਿਉਂਕਿ ਰਾਜਪਾਲ ਨੇ ਤੁਰੰਤ ਜਾਂਚ ਕਰਵਾ ਕੇ ਕਲੀਨ ਚਿੱਟ ਦੇ ਦਿੱਤੀ। ਸ੍ਰੀ ਚੰਨੀ ਨੇ ਭਾਜਪਾ ਅਤੇ ਕੇਜਰੀਵਾਲ ਨੂੰ ਕਾਲੇ-ਚਿੱਟੇ ਅੰਗਰੇਜ਼ ਦੱਸਿਆ। ਉਨ੍ਹਾਂ ਕਾਂਗਰਸ ਸਰਕਾਰ ਬਣਨ ’ਤੇ ਲਹਿਰਾਗਾਗਾ ਹਲਕੇ ’ਚ ਮੈਡੀਕਲ ਕਾਲਜ ਖੋਲ੍ਹਣ, ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ਨੂੰ ਸੁਰਜੀਤ ਕਰਨ, ਸਬ ਡਿਵੀਜਨ ਹਸਪਤਾਲ, ਖਨੌਰੀ ’ਚ ਡਿਗਰੀ ਕਾਲਜ ਖੋਲ੍ਹਣ, ਘੱਗਰ ਦਾ ਸਥਾਈ ਹੱਲ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਢੀਂਡਸਿਆਂ ਨੇ ਭਾਜਪਾ ਨਾਲ ਮਿਲ ਕੇ ਪੰਜਾਬੀਆਂ ਦੀ ਪਿੱਠ ’ਚ ਛੁਰਾ ਖੋਭਿਆ ਹੈ, ਜਿਸ ਨੂੰ ਪੰਜਾਬੀ ਕਦੇ ਵੀ ਮੁਆਫ਼ ਨਹੀਂ ਕਰਨਗੇ।
ਮਹਿਲ ਕਲਾਂ (ਨਵਕਿਰਨ ਸਿੰਘ): ਅੱਜ ਰਾਤ ਮਹਿਲ ਕਲਾਂ ਵਿੱਚ ਕਾਂਗਰਸ ਉਮੀਦਵਾਰ ਬੀਬੀ ਹਰਚੰਦ ਕੌਰ ਘਨੌਰੀ ਦੇ ਪੱਖ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਤਿੰਨ ਮਹੀਨੇ ਦੇ ਕਰਜਕਾਲ ਦੌਰਾਨ ਉਨ੍ਹਾਂ ਮਹਿਲ ਕਲਾਂ ਨੂੰ ਸਬ ਡਵੀਜ਼ਨ ਬਣਾਇਆ ਤੇ ਕਰੋੜਾਂ ਰੁਪਏ ਦੀ ਗ੍ਰਾਂਟ ਭੇਜੀ। ਉੁਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਖੁਦ ਪੰਜਾਬ ਦਾ ਮੁੱਖ ਮੰਤਰੀ ਬਨਣ ਲਈ ਭਗਵੰਤ ਮਾਨ ਨੂੰ ਧੂਰੀ ਵਿਧਾਨ ਸਭਾ ਹਲਕੇ ਤੋਂ ਚੋਣ ਹਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਅਕਾਲੀ ਦਲ ਦੇ ਲੀਡਰ ਹਨ, ਤਦ ਤੱਕ ਅਕਾਲੀ ਦਲ ਅੱਗੇ ਨਹੀਂ ਆ ਸਕਦਾ ਹੈ। ਇਸ ਮੌਕੇ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਅਤੇ ਅਲਕਾ ਲਾਂਬਾ ਹਾਜ਼ਰ ਸਨ।
ਕਾਲਜ ਸਟਾਫ਼ ਨੇ ਕਾਲੀਆਂ ਝੰਡੀਆਂ ਦਿਖਾਈਆਂ
ਇੱਥੇ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਸਟਾਫ਼ ਨੇ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਕਾਂਗਰਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਕੈਪਟਨ ਤੇ ਫਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਣੇ ਬੀਬੀ ਰਾਜਿੰਦਰ ਕੌਰ ਭੱਠਲ ਨੇ ਲਗਾਤਾਰ ਲਾਰੇ ਲਾਏ ਪਰ ਉਨ੍ਹਾਂ ਨੂੰ 32 ਮਹੀਨਿਆਂ ਤੋਂ ਕੋਈ ਤਨਖ਼ਾਹ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੇ ਖਾਤਿਆਂ ਵਿੱਚ ਤਨਖ਼ਾਹ ਨਹੀਂ ਪਾਉਂਦੀ ਅਤੇ ਪੱਕੇ ਨਹੀਂ ਕਰਦੀ, ਉਹ ਕਾਂਗਰਸ ਦਾ ਇਸੇ ਤਰ੍ਹਾਂ ਵਿਰੋਧ ਕਰਦੇ ਰਹਿਣਗੇ।