ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਅਗਸਤ
ਪੰਜਾਬ ਵਿਚ ਨਕਲੀ ਸ਼ਰਾਬ ਨਾਲ ਵਾਪਰੀ ਘਟਨਾ ਦੀ ਸੀਬੀਆਈ ਜਾਂਚ ਕਰਵਾਉਣ ਬਾਰੇ ਅਰਵਿੰਦ ਕੇਜਰੀਵਾਲ ਦੀ ਮੰਗ ’ਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਦਿੱਲੀ ਦੇ ਮੁੱਖ ਮੰਤਰੀ ਆਪਣੇ ਕੰਮ ਨਾਲ ਵਾਸਤਾ ਰੱਖਣ। ਉਨ੍ਹਾਂ ਕੇਜਰੀਵਾਲ ਨੂੰ ਪੰਜਾਬ ਵਿੱਚ ਮੂਧੇ ਮੂੰਹ ਡਿੱਗ ਚੁੱਕੀ ਆਮ ਆਦਮੀ ਪਾਰਟੀ ਨੂੰ ਮੁੜ ਪੈਰਾਂ-ਸਿਰ ਕਰਨ ਲਈ ਇਸ ਦੁਖਾਂਤਮਈ ਮਾਮਲੇ ’ਤੇ ਸਿਆਸੀ ਰੋਟੀਆਂ ਨਾ ਸੇਕਣ ਦੀ ਸਲਾਹ ਦਿੱਤੀ।
ਉਨ੍ਹਾਂ ਸ੍ਰੀ ਕੇਜਰੀਵਾਲ ਦੇ ਸੀਬੀਆਈ ਤੋਂ ਜਾਂਚ ਕਰਵਾਉਣ ਵਾਲੇ ਬਿਆਨ ਦੀ ਸਖਤ ਆਲੋਚਨਾ ਕੀਤੀ। ਮੁੱਖ ਮੰਤਰੀ ਨੇ ਕੇਜਰੀਵਾਲ ਨੂੰ ਆਖਿਆ,‘‘ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਤੁਸੀਂ ਇਸ ਦੁਖਦਾਇਕ ਘਟਨਾ ਤੋਂ ਸਿਆਸੀ ਲਾਹਾ ਖੱਟਣਾ ਚਾਹੁੰਦੇ ਹੋ। ਕੀ ਤਹਾਨੂੰ ਕੋਈ ਸ਼ਰਮ ਹੈ?’’ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਆਪਣੇ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ‘ਤੇ ਧਿਆਨ ਦੇਣ ਲਈ ਦੀ ਸਲਾਹ ਦਿੱਤੀ। ਕੇਜਰੀਵਾਲ ਦੇ ਦਾਅਵੇ ਕਿ ਸਥਾਨਕ ਪੁਲੀਸ ਵੱਲੋਂ ਪਿਛਲੇ ਕੁਝ ਮਹੀਨਿਆਂ ਦੌਰਾਨ ਨਾਜਾਇਜ਼ ਸ਼ਰਾਬ ਦਾ ਕੋਈ ਵੀ ਕੇਸ ਹੱਲ ਨਹੀਂ ਕੀਤਾ ਗਿਆ, ਨੂੰ ਫਜ਼ੂਲ ਆਖਦਿਆਂ ਮੁੱਖ ਮੰਤਰੀ ਨੇ ‘ਆਪ’ ਆਗੂ ਨੂੰ ਕੁਝ ਵੀ ਬੋਲਣ ਤੋਂ ਪਹਿਲਾਂ ਆਪਣੇ ਤੱਥ ਜਾਂਚਣ ਲਈ ਆਖਿਆ। ਹਾਲ ਹੀ ਵਿੱਚ 22 ਅਪਰੈਲ ਨੂੰ ਖੰਨਾ ਵਿਖੇ ਨਾਜਾਇਜ਼ ਸ਼ਰਾਬ ਦੀ ਇੱਕ ਫੈਕਟਰੀ ਦਾ ਪਰਦਾਫਾਸ਼ ਕੀਤੇ ਜਾਣ ਦਾ ਹਵਾਲ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਅੱਠ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਅਤੇ ਸੱਤ ਹੋਰ ਭਗੌੜੇ ਵਿਅਕਤੀਆਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। ਇਕ ਹੋਰ ਮਾਮਲੇ ਵਿੱਚ ਪਟਿਆਲਾ ਜ਼ਿਲ੍ਹੇ ਵਿੱਚ ਨਾਜਾਇਜ਼ ਸ਼ਰਾਬ ਦੀ ਡਿਸਟਿਲਰੀ ਚਲਾਉਣ ਪਿਛਲੇ ਦੋ ਸਰਗਨਿਆਂ ਨੂੰ 22 ਮਈ ਅਤੇ 13 ਜੂਨ ਨੂੰ ਇਸੇ ਸਾਲ ਗ੍ਰਿਫਤਾਰ ਕੀਤਾ ਗਿਆ ਅਤੇ 10 ਜੁਲਾਈ ਨੂੰ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ।