ਪਾਲ ਸਿੰਘ ਨੌਲੀ
ਜਲੰਧਰ, 4 ਫਰਵਰੀ
ਸਿੱਖਿਆ ਮੰਤਰੀ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਨਸ਼ਿਆਂ ਬਾਰੇ ਦੋਹਰੇ ਮਾਪਦੰਡ ਅਪਣਾਉਣ ਦੇ ਦੋਸ਼ ਲਾਉਂਦਿਆ ਕਿਹਾ ਕਿ ਉਹ ਨਸ਼ਿਆਂ ਬਾਰੇ ਆਪਣੀ ਨੀਤੀ ਸਪੱਸ਼ਟ ਕਰਨ। ਜਲੰਧਰ ਛਾਉਣੀ ਹਲਕੇ ’ਚ ਚੋਣ ਮੀਟਿੰਗਾਂ ਦੌਰਾਨ ਪਰਗਟ ਸਿੰਘ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਦਿੱਲੀ ਵਿੱਚ ‘ਆਪ’ ਸਰਕਾਰ ਨੇ ਸ਼ਰਾਬ ਕਾਰਪੋਰੇਸ਼ਨ ਤੋੜ ਕੇ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿਚ ਵੱਡਾ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਪਹਿਲਾਂ 250 ਦੇ ਕਰੀਬ ਠੇਕੇ ਸਨ, ਹੁਣ ਕੇਜਰੀਵਾਲ ਨੇ ਇਨ੍ਹਾਂ ਦੀ ਗਿਣਤੀ ਅੱਠ ਸੌ ਤੋਂ ਵੱਧ ਕਰ ਦਿੱਤੀ ਹੈ। ਸ਼ਰਾਬ ਦੇ ਕਾਰੋਬਾਰ ਨਾਲ ਸਬੰਧਤ ਲਾਇਸੰਸ ਦੀ ਫੀਸ ਘਟਾ ਕੇ ਇਸ ਕਾਰੋਬਾਰ ਨੂੰ ਉਤਸ਼ਾਹਿਤ ਕੀਤਾ ਗਿਆ ਹੈ।
ਚੋਣ ਮੈਦਾਨ ਵਿੱਚ ਉਤਾਰੇ ਗਏ ‘ਆਪ’ ਦੇ ਉਮੀਦਵਾਰਾਂ ਬਾਰੇ ਟਿੱਪਣੀਆਂ ਕਰਦਿਆਂ ਕਾਂਗਰਸੀ ਆਗੂ ਨੇ ਕਿਹਾ ਕਿ ਜਲੰਧਰ ਦੇ ਚਾਰ ਸ਼ਹਿਰੀ ਹਲਕਿਆਂ ਵਿੱਚ ‘ਆਪ’ ਨੇ ਜਿਹੜੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ, ਉਨ੍ਹਾਂ ਦਾ ਸਬੰਧ ਸਿੱਧੇ ਜਾਂ ਅਸਿੱਧੇ ਤੌਰ ’ਤੇ ਨਸ਼ੇ ਵੇਚਣ ਨਾਲ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਅਜਿਹੇ ਕਿਰਦਾਰਾਂ ਵਾਲੇ ਉਮੀਦਵਾਰਾਂ ਦੇ ਹੱਥ ਤਾਕਤ ਦੇ ਕੇ ਆਪਣੇ ਬੱਚੇ ਸੁਰੱਖਿਅਤ ਨਹੀਂ ਰੱਖ ਸਕਦੇ। ਉਨ੍ਹਾਂ ਕਿਹਾ ਕਿ ਜਲੰਧਰ ਛਾਉਣੀ ਸਮੇਤ ਪੰਜਾਬ ਦੇ ਵੋਟਰ ਬੜੇ ਸਿਆਣੇ ਹਨ ਤੇ ਉਹ ਕਦੇ ਵੀ ਨਸ਼ਿਆਂ ਦੀ ਪਿੱਠ ਭੂਮੀ ਵਾਲੇ ਉਮੀਦਵਾਰਾਂ ਨੂੰ ਮੂੰਹ ਨਹੀਂ ਲਾਉਣਗੇ।