ਗਗਨਦੀਪ ਅਰੋੜਾ
ਲੁਧਿਆਣਾ, 16 ਦਸੰਬਰ
ਲੁਧਿਆਣਾ ਵਿੱਚ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਈ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਚੰਡੀਗੜ੍ਹ ਰੋਡ ’ਤੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੇਤ ਮਾਫੀਆ, ਬੇਅਦਬੀ, ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਅਤੇ ਸਿੰਜਾਈ ਘੁਟਾਲੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਰੈਲੀ ਦੌਰਾਨ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਕੇਜਰੀਵਾਲ ਵੱਲੋਂ ਵਰਤੇ ਜਾ ਰਹੇ ਹੱਥਕੰਡਿਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਵਾਅਦੇ ਝੂਠ ਦਾ ਪੁਲੰਦਾ ਹਨ, ਜੋ ਸੂਬਾ-ਦਰ-ਸੂਬਾ ਬਦਲਦੇ ਰਹਿੰਦੇ ਹਨ। ਮੁੱਖ ਮੰਤਰੀ ਚੰਨੀ ਨੇ ਉਦਾਹਰਨ ਦਿੰਦਿਆਂ ਕਿਹਾ ਕਿ ਕੇਜਰੀਵਾਲ ਪੰਜਾਬ ਵਿੱਚ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਭੱਤਾ ਦੇਣ ਦਾ ਵਾਅਦਾ ਕਰ ਰਹੇ ਹਨ ਪਰ ਗੋਆ ਵਿੱਚ ਉਨ੍ਹਾਂ ਵੱਲੋਂ ਇਹੀ ਭੱਤਾ 5000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਕੇਜਰੀਵਾਲ ਐਂਡ ਕੰਪਨੀ ਦਾ ਕਿਰਦਾਰ ਸਵਾਲਾਂ ਦੇ ਘੇਰੇ ਵਿੱਚ ਹੈ, ਜਿਸ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਬਹੁਤ ਖ਼ੁਸ਼ਕਿਸਮਤ ਹਨ ਕਿ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਕਾਂਗਰਸ ਲੀਡਰਸ਼ਿਪ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਹਰ ਆਮ ਆਦਮੀ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਯਤਨ ਕਰ ਰਹੇ ਹਨ। ਇਸ ਮੌਕੇ ਵਿਧਾਇਕ ਸੰਜੈ ਤਲਵਾੜ ਨੂੰ ਮੁੱਖ ਮੰਤਰੀ ਨੇ ਆਪਣਾ ਛੋਟਾ ਭਰਾ ਦੱਸਦਿਆਂ ਕਿਹਾ ਕਿ ਪਿਛਲੀ ਵਾਰ ਵੀ ਉਨ੍ਹਾਂ ਨੇ ਤਲਵਾੜ ਨੂੰ ਟਿਕਟ ਦਿਵਾਉਣ ਵਿੱਚ ਮਦਦ ਕੀਤੀ ਸੀ। ਇਸ ਮੌਕੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਕੁਲਦੀਪ ਸਿੰਘ ਵੈਦ, ਵਿਧਾਇਕ ਸੁਰਿੰਦਰ ਡਾਵਰ ਅਤੇ ਮੇਅਰ ਬਲਕਾਰ ਸਿੰਘ ਹਾਜ਼ਰ ਸਨ।
ਮੁੱਖ ਮੰਤਰੀ ਚੰਨੀ ਨੇ ਚੰਡੀਗੜ੍ਹ ਰੋਡ ’ਤੇ ਰਵਿਦਾਸ ਆਡੀਟੋਰੀਅਮ, ਈਸਟ ਐਂਡ ਕਲੱਬ, ਸਪੈਸ਼ਲ ਪਾਰਕ ਸਟੈਟਿਕ ਕੰਪੈਕਟਰ, ਵਪਾਰਕ ਅਤੇ ਪ੍ਰਦਰਸ਼ਨੀ ਕੇਂਦਰ ਅਤੇ ਹੋਰ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਪਹਿਲਾਂ ਉਨ੍ਹਾਂ ਸਲੇਮ ਟਾਬਰੀ ਵਿੱਚ ਬਾਬਾ ਅੰਬੇਡਕਰ ਭਵਨ ਦਾ ਉਦਘਾਟਨ ਕੀਤਾ। ਜਗਰਾਉਂ ਪੁਲ ’ਤੇ ਦੁਰਗਾ ਮਾਤਾ ਮੰਦਿਰ ਵਿੱਚ ਮੱਥਾ ਟੇਕਿਆ ਤੇ ਮੰਦਰ ਨੂੰ 11 ਕਨਾਲ ਥਾਂ ਜ਼ਮੀਨ ਦੇਣ ਦਾ ਐਲਾਨ ਵੀ ਕੀਤਾ।
ਮੁੱਖ ਮੰਤਰੀ ਨੂੰ ਇੱਕ ਤੋਂ ਦੂਜੀ ਥਾਂ ਲਿਜਾਣ ਲਈ ਬਣਾਏ ਤਿੰਨ ਹੈਲੀਪੈਡ
ਲੁਧਿਆਣਾ (ਗਗਨਦੀਪ ਅਰੋੜਾ): ਇੱਥੇ ਪੁੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜ ਕਿਲੋਮੀਟਰ ਦਾ ਸਫ਼ਰ ਵੀ ਹੈਲੀਕਾਪਟਰ ਰਾਹੀਂ ਤੈਅ ਕੀਤਾ। ਮੁੱਖ ਮੰਤਰੀ ਚੰਨੀ ਲਈ ਅੱਜ ਲੁਧਿਆਣਾ ਵਿੱਚ ਤਿੰਨ ਥਾਵਾਂ ’ਤੇ ਹੈਲੀਪੈਡ ਬਣਾਏ ਗਏ ਸਨ। ਸਮਾਗਮ ਵਾਲੀਆਂ ਜ਼ਿਆਦਾਤਰ ਥਾਵਾਂ ’ਤੇ ਉਹ ਹੈਲੀਕਾਪਟਰ ਰਾਹੀਂ ਹੀ ਪੁੱਜੇ। ਦਰਅਸਲ, ਲੁਧਿਆਣਾ ਵਿੱਚ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਈ ਸਮਾਗਮ ਸਨ, ਉਨ੍ਹਾਂ ਨੇ ਹਲਕਾ ਪੱਛਮੀ, ਹਲਕਾ ਉੱਤਰੀ ਤੇ ਹਲਕਾ ਪੂਰਬੀ ਵਿੱਚ ਕਈ ਨਵੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣੇ ਸਨ। ਇਸ ਲਈ ਸਭ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਪੱਖੋਵਾਲ ਰੋਡ ’ਤੇ ਅਟਲ ਆਪਰਟਮੈਂਟਸ ਵਾਲੀ ਥਾਂ ’ਤੇ ਹੈਲੀਕਾਪਟਰ ਰਾਹੀਂ ਪੁੱਜੇ। ਇੱਥੋਂ ਉਨ੍ਹਾਂ ਪੰਜ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਜਗਰਾਉਂ ਪੁਲ ਦੁਰਗਾ ਮਾਤਾ ਮੰਦਿਰ ਮੱਥਾ ਟੇਕਣ ਜਾਣਾ ਸੀ, ਇਹ ਰਸਤਾ ਪੱਖੋਵਾਲ ਰੋਡ ਤੋਂ ਤਕਰੀਬਨ 12 ਤੋਂ 15 ਮਿੰਟ ਦੀ ਦੂਰੀ ’ਤੇ ਸੀ ਪਰ ਇਸ ਦੇ ਬਾਵਜੂਦ ਮੁੱਖ ਮੰਤਰੀ ਚੰਨੀ ਹੈਲੀਕਾਪਟਰ ਰਾਹੀਂ ਜਗਰਾਉਂ ਪੁਲ ਨੇੜੇ ਕੁੜੀਆਂ ਦੇ ਸਰਕਾਰੀ ਕਾਲਜ ਪੁੱਜੇ। ਪਹਿਲਾਂ ਹੈਲੀਪੈਡ ਪੱਖੋਵਾਲ ਰੋਡ ’ਤੇ ਅਤੇ ਦੂਜਾ ਸਰਕਾਰੀ ਕਾਲਜ ਵਿੱਚ ਬਣਾਇਆ ਗਿਆ। ਇੱਥੋਂ ਮੁੱਖ ਮੰਤਰੀ ਚੰਨੀ ਸੜਕੀ ਰਸਤੇ ਸਲੇਮ ਟਾਬਰੀ ਪੁੱਜੇ, ਸਲੇਮ ਟਾਬਰੀ ਤੋਂ ਕਾਰ ਰਾਹੀਂ ਚੰਡੀਗੜ੍ਹ ਰੋਡ ਰੈਲੀ ਸਥਾਨ ’ਤੇ ਪੁੱਜੇ। ਰੈਲੀ ਖਤਮ ਕਰਨ ਮਗਰੋਂ ਤੀਜੇ ਥਾਂ ਬਾਬਾ ਜਸਵੰਤ ਕਾਲਜ ਵਿੱਚ ਬਣਾਏ ਗਏ ਹੈਲੀਪੈਡ ਰਾਹੀਂ ਉਹ ਸ਼ਾਮ ਨੂੰ ਚੰਡੀਗੜ੍ਹ ਲਈ ਰਵਾਨਾ ਹੋਏ।