ਨਿੱਜੀ ਪੱਤਰ ਪ੍ਰੇਰਕ
ਜਲੰਧਰ, 24 ਜੂਨ
ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਫੈਸ਼ਨ ਡਿਜ਼ਾਈਨਰਾਂ ਨੂੰ ਉਨ੍ਹਾਂ ਵੱਲੋਂ ਕੀਤੇ ਗਏ ਭੁਗਤਾਨ ਦੀ ਜਾਣਕਾਰੀ ਮੀਡੀਆ ਨੂੰ ਦੇ ਕੇ ਉਨ੍ਹਾਂ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਵਿਰੋਧੀ ਧਿਰ ਦੇ ਸਾਬਕਾ ਆਗੂ ਤੇ ਭੁਲੱਥ ਤੋਂ ਵਿਧਾਇਕ ਖਹਿਰਾ ਨੇ ਉਨ੍ਹਾਂ ਵੱਲੋਂ ਕੁਝ ਫੈਸ਼ਨ ਡਿਜ਼ਾਈਨਰਾਂ ਨੂੰ ਵੱਡੀ ਰਕਮ ਅਦਾ ਕੀਤੇ ਜਾਣ ਦੇ ਈਡੀ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਨੂੰ ਮੁੱਢ ਤੋਂ ਖਾਰਜ ਕਰਦਿਆਂ ਇਸ ਨੂੰ ਬੇਬੁਨਿਆਦ ਅਤੇ ਮਨਘੜਤ ਕਰਾਰ ਦਿੱਤਾ। ਖਹਿਰਾ ਨੇ ਕਿਹਾ ਕਿ 2015-16 ਵਿੱਚ ਦਿੱਤੀ ਗਈ ਇਹ ਰਕਮ ਉਨ੍ਹਾਂ ਦੀ ਬੇਟੀ ਦੇ ਵਿਆਹ ਸਮੇਂ ਕੀਤੀ ਗਈ ਖਰੀਦਦਾਰੀ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਆਪਣੀ ਬੇਟੀ ਅਤੇ ਪਰਿਵਾਰ ਵਾਸਤੇ ਵਿਆਹ ਲਈ ਤਿੰਨ ਜੋੜੇ ਖਰੀਦੇ ਸਨ। ਵਿਆਹ ਦੇ ਸਾਰੇ ਕੱਪੜਿਆਂ ਦੀ ਕੁੱਲ ਕੀਮਤ 7-8 ਲੱਖ ਰੁਪਏ ਹੀ ਸੀ। ਇਹ ਰਕਮ ਜਲੰਧਰ ਦੇ ਇੱਕ ਬੈਂਕ ਵਿਚਲੀ ਉਨ੍ਹਾਂ ਦੀ ਖੇਤੀਬਾੜੀ ਲਿਮਟ ਤੋਂ ਆਈ ਸੀ। ਉਨ੍ਹਾਂ ਫਰਜ਼ੀ ਪਾਸਪੋਰਟ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ। ਉਨ੍ਹਾਂ ਕਿਹਾ ਕਿ ਜੇ ਈਡੀ ਨੂੰ ਕੋਈ ਦਸਤਾਵੇਜ਼ ਜਾਂ ਜਾਅਲੀ ਪਾਸਪੋਰਟ ਮਿਲੇ ਹੁੰਦੇ ਤਾਂ ਉਹ ਹੁਣ ਤੱਕ ਇਸ ਨੂੰ ਜਨਤਕ ਕਰ ਚੁੱਕੇ ਹੁੰਦੇ।