ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਅਪਰੈਲ
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਅੱਜ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਹਾਜ਼ਰੀ ਭਰੀ ਪਰ ਉਹ ਮਤਾ ਪਾਸ ਹੋਣ ਤੋਂ ਪਹਿਲਾਂ ਹੀ ਸਦਨ ’ਚੋਂ ਚਲੇ ਗਏ। ਹਾਲਾਂਕਿ ਇਸ ਤੋਂ ਪਹਿਲਾਂ ਸ੍ਰੀ ਖਹਿਰਾ ਨੇ ਮਤੇ ਦੇ ਪੱਖ ਵਿਚ ਸੰਬੋਧਨ ਵੀ ਕੀਤਾ। ਨਵੇਂ ਵਿਧਾਇਕਾਂ ਨੂੰ ਇਸ ਦਾ ਅਚੰਭਾ ਲੱਗਿਆ। ਕਈ ਨਵੇਂ ਵਿਧਾਇਕਾਂ ਦਾ ਕਹਿਣਾ ਸੀ ਕਿ ਬੇਸ਼ੱਕ ਖਹਿਰਾ ਮਤੇ ਦੇ ਹੱਕ ਵਿਚ ਬੋਲੇ ਸਨ ਪਰ ਉਨ੍ਹਾਂ ਦਾ ਮਤਾ ਪਾਸ ਹੋਣ ਮੌਕੇ ਸਦਨ ’ਚੋਂ ਚਲੇ ਜਾਣਾ ਇਖ਼ਲਾਕੀ ਤੌਰ ’ਤੇ ਠੀਕ ਨਹੀਂ। ਅੱਜ ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਵੀ ਗ਼ੈਰਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦਲ ਦੀ ਮਜੀਠਾ ਤੋਂ ਵਿਧਾਇਕਾ ਗੁਨੀਵ ਕੌਰ ਨੇ ਹਾਲੇ ਤੱਕ ਸਹੁੰ ਵੀ ਨਹੀਂ ਚੁੱਕੀ ਹੈ।